ਇਸ ਮਾਮਲੇ ’ਚ ਐੱਸਐੱਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸਐੱਚਓ ਸਤਪਾਲ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ
ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਲਾਈਟਾਂ ਵਾਲਾ ਚੌਕ ’ਚ ਬੀਤੀ 7 ਜੁਲਾਈ ਦੀ ਸ਼ਾਮ ਨੂੰ ਪਿੰਡ ਵਿਠਵਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ‘ਚ ਦੋਵਾਂ ਧੜਿਆਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ ਅੱਠ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਸ ਮਾਮਲੇ ’ਚ ਐੱਸਐੱਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸਐੱਚਓ ਸਤਪਾਲ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਐੱਸਪੀ ਰੈਂਕ ਦੇ ਅਧਿਕਾਰੀ ਹੇਠ ਇੱਕ ਸਿੱਟ ਜਾਂਚ ਲਈ ਬਿਠਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੁਲਿਸ ‘ਤੇ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁਲ ਗਲਤ ਹਨ। ਪੁਲਿਸ ਨੇ ਆਪਣਾ ਕੰਮ ਬਾਖੂਬੀ ਨਿਭਾਇਆ ਹੈ ਅਤੇ ਐੱਸਪੀ ਦੀ ਅਗਵਾਈ ਹੇਠ ਇੱਕ ਸਿਟ ਦਾ ਗਠਨ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਮੌਕੇ ‘ਤੇ ਮਿਲੇ ਸੀਸੀਟੀਵੀ ਫੁੱਟੇਜ ਦੇ ਅਧਾਰ ‘ਤੇ ਦੋਵਾਂ ਧਿਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦ ਧਿਰਾਂ ’ਚ ਲੜਾਈ ਹੋ ਰਹੀ ਸੀ ਤਾਂ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਹੋਰ ਵੱਡੇ ਵਾਪਰਨ ਵਾਲੇ ਖੂਨੀ ਹਾਦਸੇ ਨੂੰ ਰੋਕ ਦਿੱਤਾ ਗਿਆ ਸੀ।
ਇਸ ਮਾਮਲੇ ’ਚ ਥਾਣਾ ਸ੍ਰੀ ਹਰਗਬਿੰਦਪੁਰ ਦੇ ਐੱਸਐੱਚਓ ਸਤਪਾਲ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਫਰਵਰੀ ’ਚ ਵੀ ਦੋਵਾਂ ਧਿਰਾਂ ’ਚ ਲੜਾਈ ਹੋਈ ਸੀ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਮਾਮਲਾ ਦਰਜ ਹੋਇਆ ਸੀ।
ਪੁਲਿਸ ਵੱਲੋਂ ਦੋਵਾਂ ਧੜਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪੁਲਿਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਮੌਕੇ ’ਤੇ ਹੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਦੇ ਸੰਬੰਧ ’ਚ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ।