ਸਰਜਰੀ ਦੌਰਾਨ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫੀਸਦੀ ਤੋਂ ਵਧ ਕੇ 100 ਫੀਸਦੀ ਹੋ ਗਿਆ
ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਕਾਰਡੀਓਲੋਜੀ ਵਿਭਾਗ ਨੇ ਇੱਕ 13 ਸਾਲਾ ਲੜਕੀ ਦੀ ਦਿਲ ਦੀ ਬਹੁਤ ਹੀ ਦੁਰਲੱਭ ਅਤੇ ਘਾਤਕ ਬਿਮਾਰੀ ਦਾ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਨਾ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਸਗੋਂ ਪੂਰੇ ਵਿਸ਼ਵ ਵਿੱਚ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾ: ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਪਿੰਡ ਬੁੱਢਾ ਖੂਹ (ਅੰਮ੍ਰਿਤਸਰ) ਦੇ ਵਾਸੀ ਹਰਪਿੰਦਰ ਸਿੰਘ ਦੀ ਬੇਟੀ ਸਿਮਰਜੀਤ ਕੌਰ (13 ਸਾਲ) ਨੂੰ ਜਦੋਂ ਉਸ ਦੇ ਮਾਤਾ ਪਿਤਾ ਹਸਪਤਾਲ ਲੈ ਕੇ ਆਏ ਤਾਂ ਕਾਰਡੀਓਗ੍ਰਾਫੀ ਕਰਨ ਉਪਰੰਤ ਪਤਾ ਲੱਗਾ ਕਿ ਉਸ ਦੇ ਦਿਲ ਵਿੱਚ ਇੱਕ ਛੇਕ ਹੈ। ਕਾਰਡੀਅਕ ਸੀਟੀ ਸਕੈਨ ਤੋਂ ਬਾਅਦ, ਇਹ ਪੁਸ਼ਟੀ ਹੋਈ ਕਿ ਉਕਤ ਲੜਕੀ ਜਮਾਂਦਰੂ ‘ਰਾਈਟ ਪਲਮਨਰੀ ਆਰਟਰੀ ਟੂ ਲੈਫਟ ਐਟ੍ਰੀਅਮ ਫਿਸੁਲਾ’ ਬਿਮਾਰੀ ਤੋਂ ਪੀੜਤ ਸੀ। ਜਿਸ ਕਾਰਨ ਉਸ ਦੇ ਦਿਲ ਦਾ ਗੰਦਾ ਖੂਨ ਆਕਸੀਜਨ ਨਾਲ ਭਰਪੂਰ ਚੰਗੇ ਖੂਨ ਨਾਲ ਰਲ ਰਿਹਾ ਸੀ। ਉਸ ਦੇ ਸਰੀਰ ਦੇ ਅੰਗਾਂ ਵਿੱਚ ਆਕਸੀਜਨ ਦੀ ਕਮੀ ਕਾਰਨ ਜਿੱਥੇ ਉਸ ਦਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਸੀ, ਉੱਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ ਜ਼ਿੰਦਗੀ ਦੇ ਚੌਥੇ ਦਹਾਕੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ 1950 ਵਿੱਚ ਐਲ.ਐਨ. ਫਰੀਡਰਿਕ ਨਾਮ ਦੇ ਇੱਕ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਵਿੱਚ ਇਸ ਘਾਤਕ ਬਿਮਾਰੀ ਦੇ 100 ਤੋਂ ਵੀ ਘੱਟ ਕੇਸ ਦਰਜ ਹੋਏ ਹਨ।
ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਵੱਡੀ ਬਾਈਪਾਸ ਸਰਜਰੀ ਦੀ ਲੋੜ ਹੁੰਦੀ ਹੈ, ਪਰ ਉਨ੍ਹਾਂ ਨੇ ਆਪਣੀ ਟੀਮ ਵਿੱਚ ਡਾਕਟਰ ਪੰਕਜ ਸਾਰੰਗਲ, ਡਾ: ਨਿਸ਼ਾਨ ਸਿੰਘ, ਡਾ: ਸੌਮਿਆ, ਡਾ: ਤੇਜਬੀਰ ਸਿੰਘ, ਗੌਰਵ ਹੰਸ ਦੇ ਸਹਿਯੋਗ ਨਾਲ ਡਾ ਗੁਰਦੀਪ ਸਿੰਘ, ਸੰਦੀਪ ਕੌਰ, ਵੀਨਾ ਦੇਵੀ, ਪਰਵੀਨ ਕੌਰ, ਹਰਦੀਪ ਕੌਰ ਅਤੇ ਨਵਨੀਤ ਕੌਰ ਨੇ ਨਵੀਂ ਤਕਨੀਕ ਨਾਲ ਦਿਲ ਦੇ ਸੁਰਾਖ ਨੂੰ ਪੀਡੀਏ ਡਿਵਾਈਸ ਲਗਾ ਕੇ ਬੰਦ ਕਰ ਦਿੱਤਾ ਅਤੇ ਬਿਨਾਂ ਕਿਸੇ ਚੀਰਾ ਜਾਂ ਟਾਂਕੇ ਦੇ ਕੈਥੀਟਰ ਰਾਹੀਂ ਐਂਜੀਓਗ੍ਰਾਫੀ ਕੀਤੀ।
ਉਨ੍ਹਾਂ ਦੱਸਿਆ ਕਿ ਸਰਜਰੀ ਦੌਰਾਨ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫੀਸਦੀ ਤੋਂ ਵਧ ਕੇ 100 ਫੀਸਦੀ ਹੋ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਲੜਕੀ ਦੇ ਵਾਰਸਾਂ ਨੂੰ ਕੋਈ ਮੈਡੀਕਲ ਖਰਚਾ ਨਹੀਂ ਚੁੱਕਣਾ ਪਵੇਗਾ ਅਤੇ 14 ਜੁਲਾਈ ਨੂੰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।