ਸਕੇ ਭਰਾਵਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਲੰਘੇ ਸ਼ੁੱਕਰਵਾਰ ਸਥਾਨਕ ਮਹਿਣਾ ਚੌਂਕ ਵਿਚ ਹਥਿਆਰ ਦੀ ਨੋਕ ’ਤੇ ਮਨੀ ਐਕਸਚੇਂਜਰ ਕੋਲੋਂ 70 ਹਜ਼ਾਰ ਰੁਪਏ ਦੀ ਨਗਦੀ ਲੁੱਟਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਹ ਲੁੱਟ ਸ਼ਹਿਰ ਦੇ ਦੋ ਸਕੇ ਭਰਾਵਾਂ ਨੇ ਕੀਤੀ ਸੀ। ਪੁਲਿਸ ਨੇ ਲੁੱਟ ਕਰਨ ਵਾਲੇ ਦੋਵੇ ਭਰਾਵਾਂ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।
ਜਾਣਕਾਰੀ ਅਨੁਸਾਰ ਰਸਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਆਜ਼ਾਦ ਨਗਰ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੀ 12 ਜੁਲਾਈ ਨੂੰ ਜਦੋਂ ਕਿਲਾ ਰੋਡ ’ਤੇ ਸਥਿਤ ਆਪਣੀ ਅਗਰਵਾਲ ਮਨੀ ਐਕਸਚੇਂਜ ਦੁਕਾਨ ’ਤੇ ਪਹੁੰਚਿਆ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਤਲਵਾਰ ਦੀ ਨੋਕ ਤੇ ਉਸ ਕੋਲੋਂ 70 ਹਜ਼ਾਰ ਰੁਪਏ ਅਤੇ ਕੁਝ ਵਿਦੇਸ਼ੀ ਕਰੰਸੀ ਲੁੱਟ ਲਈ। ਕਥਿਤ ਦੋਸ਼ੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦਾ ਬਚਾਅ ਹੋ ਗਿਆ।
ਵਾਰਦਾਤ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੇ ਇਸ ਘਟਨਾ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸਬੰਧ ਵਿਚ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਪੀਰਖਾਨਾ ਰੋਡ ਵੱਲ ਭੱਜ ਗਏ ਸਨ। ਜਾਂਦੇ ਹੋਏ ਉਕਤ ਵਿਅਕਤੀਆਂ ਨੇ ਵਾਰਦਾਤ ਸਮੇਂ ਵਰਤੀ ਗਈ ਤਲਵਾਰ ਵੀ ਰਸਤੇ ਵਿਚ ਹੀ ਸੁੱਟ ਦਿੱਤੀ।
ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਕਤ ਵਾਰਦਾਤ ਨੂੰ ਨੀਰਜ ਕੁਮਾਰ ਪਾਂਡੇ ਅਤੇ ਦਿਪਾਸ਼ੂ ਪਾਂਡੇ ਪੁੱਤਰਾਨ ਉਦੇ ਭਾਨ ਪਾਂਡੇ ਵਾਸੀ ਸ਼ਕਤੀ ਵਿਹਾਰ ਨੇ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਥਿਤ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।