ਯੂਕਰੇਨ ਵਿਰੁੱਧ ਰੂਸ ਦੀ ਜੰਗ ‘ਚ ਘੱਟੋ-ਘੱਟ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ
ਰੂਸ ਤੇ ਯੂਕਰੇਨ ਦੀ ਜੰਗ ‘ਚ ਫਰੰਟ ਲਾਈਨ ‘ਤੇ ਲੜ ਰਹੇ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਰੂਸੀ ਫੌਜ ਵੱਲੋਂ ਲੜ ਰਹੇ ਕਈ ਭਾਰਤੀਆਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫੌਜ ਵੱਲੋਂ ਲੜ ਰਹੇ ਭਾਰਤੀ ਨਾਗਰਿਕਾਂ ਨੂੰ ਛੁੱਟੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ ‘ਤੇ ਰੂਸ ਪਹੁੰਚ ਚੁੱਕੇ ਹਨ। ਦੋਵਾਂ ਨੇਤਾਵਾਂ ਵਿਚਾਲੇ ਅੱਜ ਕਈ ਮੁੱਦਿਆਂ ‘ਤੇ ਗੱਲਬਾਤ ਹੋਣ ਵਾਲੀ ਹੈ।
ਰੂਸੀ ਫੌਜ ‘ਚ ਫਸੇ ਭਾਰਤੀਆਂ ਨੂੰ ਦਿੱਤੀ ਜਾਵੇਗੀ ਛੁੱਟੀ
ਸੂਤਰਾਂ ਮੁਤਾਬਕ ਪੀਐਮ ਮੋਦੀ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਿੱਜੀ ਡਿਨਰ ਦੌਰਾਨ ਇਹ ਮੁੱਦਾ ਉਠਾਇਆ ਸੀ। ਰਾਸ਼ਟਰਪਤੀ ਪੁਤਿਨ ਨੇ ਵੀ ਪੀਐਮ ਮੋਦੀ ਦੀ ਗੱਲ ਮੰਨ ਲਈ ਤੇ ਰੂਸੀ ਫੌਜ ‘ਚ ਫਸੇ ਭਾਰਤੀ ਨੌਜਵਾਨਾਂ ਨੂੰ ਘਰ ਵਾਪਸ ਭੇਜਣ ਦਾ ਫੈਸਲਾ ਕੀਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ 4 ਜੁਲਾਈ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਤੋਂ ਪਹਿਲਾਂ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਕੋਲ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ।
ਭਾਰਤੀਆਂ ਨੂੰ ਧੋਖੇ ਨਾਲ ਜੰਗ ‘ਚ ਕੀਤਾ ਗਿਆ ਸ਼ਾਮਲ
ਯੂਕਰੇਨ ਵਿਰੁੱਧ ਰੂਸ ਦੀ ਜੰਗ ‘ਚ ਘੱਟੋ-ਘੱਟ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ ਯੁੱਧ ਖੇਤਰ ‘ਚ ਫਸੇ ਦਰਜਨਾਂ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਯੁੱਧ ਵਿਚ ਸ਼ਾਮਲ ਹੋਣ ਲਈ ਧੋਖਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਅਜੇ ਵੀ 30 ਤੋਂ 40 ਭਾਰਤੀ ਰੂਸੀ ਫੌਜ ਨਾਲ ਕੰਮ ਕਰਨ ਲਈ ਮਜਬੂਰ ਹਨ।
22ਵੇਂ ਭਾਰਤ-ਰੂਸ ਸੰਮੇਲਨ ‘ਚ ਵੀ ਹਿੱਸਾ ਲੈਣਗੇ ਪੀਐਮ ਮੋਦੀ
ਪੀਐਮ ਮੋਦੀ ਐਤਵਾਰ ਸ਼ਾਮ ਨੂੰ ਮਾਸਕੋ ਪਹੁੰਚੇ। ਰੂਸ-ਯੂਕਰੇਨ ਯੁੱਧ ਦੌਰਾਨ ਪੀਐਮ ਮੋਦੀ ਦੀ ਇਹ ਪਹਿਲੀ ਰੂਸ ਯਾਤਰਾ ਹੈ। ਹਵਾਈ ਅੱਡੇ ‘ਤੇ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਪੁਤਿਨ ਨਾਲ ਦੁਵੱਲੀ ਗੱਲਬਾਤ ਕਰਨਗੇ ਤੇ ਮਾਸਕੋ ‘ਚ 22ਵੇਂ ਭਾਰਤ-ਰੂਸ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ।