AAP ਵੱਲੋਂ ਸਾਬਕਾ ਭਾਜਪਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਪਾਲ ਭਗਤ, ਕਾਂਗਰਸ ਵੱਲੋਂ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਭਾਰਤੀ ਜਤਨਾ ਪਾਰਟੀ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਚੋਣ ਲੜ ਰਹੇ ਹਨ।
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ 10 ਜੁਲਾਈ ਨੂੰ ਹੋਣ ਚੋਣ ਲਈ ਸੋਮਵਾਰ ਨੂੰ ਚੋਣ ਪ੍ਰਚਾਰ ਰੁਕ ਗਿਆ। ਸੱਤਾ ਧਿਰ ਸਣੇ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਅਨੁਸੂਚਿਤ ਜਾਤੀ ਲਈ ਰਾਖਵੀਂ ਇਸ ਸੀਟ ’ਤੇ ਆਪਣੇ ਉਮੀਦਵਾਰ ਦੀ ਜਿੱਤ ਲਈ ਸੂਬਾਈ ਲੀਡਰਸ਼ਿਪ ਤੋਂ ਲੈ ਕੇ ਕੇਂਦਰ ਤੱਕ ਦੇ ਆਗੂਆਂ ਨੇ ਪ੍ਰਚਾਰ ’ਚ ਪੂਰਾ ਜ਼ੋਰ ਲਗਾਇਆ।
ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਉਪਰੰਤ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋਈ ਸੀ। ਇਸ ਲਈ ਇਸ ’ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਸ ਚੋਣ ’ਚ ਮੁੱਖ ਮੁਕਾਬਲਾ ਸੱਤਾਧਾਰੀ ‘ਆਪ’, ਕਾਂਗਰਸ ਤੇ ਭਾਜਪਾ ਵਿਚਾਲੇ ਹੈ।
‘ਆਪ’ ਵੱਲੋਂ ਇਸ ਵਾਰ ਭਾਜਪਾ ਛੱਡ ਕੇ ਆਏ ਸਾਬਕਾ ਭਾਜਪਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਪਾਲ ਭਗਤ, ਕਾਂਗਰਸ ਵੱਲੋਂ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਭਾਰਤੀ ਜਤਨਾ ਪਾਰਟੀ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਚੋਣ ਲੜ ਰਹੇ ਹਨ।
ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਲੜ ਰਹੇ ਹਨ, ਜਿਸ ਦੀ ਹਮਾਇਤ ’ਚ ਪਾਰਟੀ ਦਾ ਬਾਗ਼ੀ ਧੜਾ ਡਟਿਆ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਸਾਰੀਆ ਹੀ ਸਿਆਸੀ ਪਾਰਟੀਆ ਨੇ ਖੁੱਲ੍ਹ ਕੇ ਇਕ-ਦੂਜੇ ਉਪਰ ਦੂਸ਼ਣਬਾਜ਼ੀ ਕੀਤੀ ਹੈ ਤੇ ਵਿਰੋਧੀ ਪਾਰਟੀਆ ਦੀਆ ਖਾਮੀਆਂ ਦਾ ਜਨਤਾ ਸਾਹਮਣੇ ਖੁਲਾਸਾ ਕੀਤਾ ਜਾ ਰਿਹਾ ਹੈ।
ਇਹ ਪਹਿਲੀ ਵਾਰ ਕਿਸੇ ਜ਼ਿਮਨੀ ਚੋਣ ਲਈ ਸਰਕਾਰ ਦੇ ਨਾਲ਼-ਨਾਲ਼ ਵਿਰੋਧੀ ਪਾਰਟੀਆ ਦਾ ਏਨਾ ਜ਼ੋਰ ਲੱਗਾ ਹੋਵੇ ਤੇ ਹਰ ਕੋਈ ਇਸ ’ਚ ਜਿੱਤ ਦਰਜ ਕਰਵਾਉਣ ਲਈ ਪੂਰਾ ਤਾਣ ਲਾ ਰਿਹਾ ਹੈ। ਇਹ ਚੋਣ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਆਪਣਾ ਅਕਸ ਬਚਾਉਣ ਦਾ ਸਵਾਲ ਬਣ ਚੁੱਕੀ ਹੈ।
ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਵੱਡੇ ਆਗੂਆ ਨੇ ਚੋਣ ਪ੍ਰਚਾਰ ’ਚ ਪੂਰਾ ਜ਼ੋਰ ਲਾਇਆ। ਇਥੋਂ ਤਕ ਕਿ ਮੁੱਖ ਮੰਤਰੀ ਖ਼ੁਦ ਪਤਨੀ ਤੇ ਬੱਚੀ ਸਮੇਤ 15 ਦਿਨਾਂ ਤੋਂ ਜਲੰਧਰ ’ਚ ਡੇਰਾ ਲਾਈ ਬੈਠੇ ਹਨ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਲਈ ਇਹ ਵੱਕਾਰ ਦਾ ਸਵਾਲ ਬਣ ਗਈ ਹੈ। ਪਰ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਮੁਫ਼ਤ ਬਿਜਲੀ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ, ਆਮ ਆਦਮੀ ਕਲੀਨਿਕ ਵਰਗੀਆਂ ਸਹੂਲਤਾਂ ਅਤੇ ਨੌਕਰੀਆ ਦੇਣ ਦੇ ਵਾਅਦੇ ਪੂਰੇ ਕਰਨ ਦੇ ਨਾਂ ’ਤੇ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ।
ਦੂਜੇ ਪਾਸੇ ਕਾਂਗਰਸ ਪਾਰਟੀ, ਜਿਸ ਨੇ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ 45 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ ਸੀ, ਵੀ ਆਪਣਾ ਦਬਦਬਾ ਕਾਇਮ ਰੱਖਣ ਲਈ ਪੂਰਾ ਜ਼ੋਰ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ, ਜਿਸ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਪਿਛਲੀ ਵਾਲ ‘ਆਪ’ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ, ਹਰ ਹਾਲ ’ਚ ਇਸ ਹਲਕੇ ਤੋਂ ਚੋਣ ਜਿੱਤਣਾ ਚਾਹੁੰਦੀ ਹੈ।
ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਕਿ ਦੋ ਧੜਿਆਂ ’ਚ ਵੰਡੀ ਜਾ ਚੁੱਕੀ ਹੈ, ਦੇ ਵੱਖ ਹੋਏ ਧੜੇ ਲਈ ਵੀ ਇਹ ਚੋਣ ਇਸ ਲਈ ਵੱਕਾਰ ਦਾ ਸਵਾਲ ਬਣ ਗਈ ਹੈ ਕਿਉੰਕਿ ਉਹ ਪਾਰਟੀ ਪ੍ਰਧਾਨ ਉਮੀਦਵਾਰ ਦੀ ਹਮਾਇਤ ਤੋਂ ਪਿੱਛੇ ਹਟ ਚੁੱਕੇ ਹਨ ਤੇ ਹੁਣ ਬਾਗ਼ੀ ਧੜਾ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ‘ਤੱਕੜੀ’ ਚੋਣ ਨਿਸ਼ਾਨ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰ ਹੈ ਨਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਧੜੇ ਦਾ।
ਇਹ ਪਹਿਲੀ ਵਾਰ ਹੋ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਤੇ ਉਨ੍ਹਾਂ ਦੇ ਧੜੇ ਵੱਲੋਂ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਲਈ ਖੜ੍ਹਨ ਦੀ ਬਜਾਏ ਬਸਪਾ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕੀਤਾ ਜਾ ਰਿਹਾ ਹੈ।
ਬੇਸ਼ੁਮਾਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਹਲਕੇ ਦੇ ਲੋਕ
ਜੇਕਰ ਹਲਕੇ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੋਕ ਬੇਸ਼ੁਮਾਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸੀਵਰੇਜ ਤੇ ਬਰਸਾਤੀ ਦੀ ਪਾਣੀ ਨਿਕਾਸੀ, ਕੂੜੇ ਦੇ ਢੇਰ, ਟੁੱਟੀਆ ਸੜਕਾਂ, ਥਾਂ-ਥਾਂ ਖੜ੍ਹਾ ਬਰਸਾਤੀ ਪਾਣੀ, ਪੀਣ ਵਾਲੇ ਪਾਣੀ ਦੀ ਸਮੱਸਿਆ ਮੁੱਖ ਹਨ।
ਹਾਲਾਂਕਿ ਮੌਜੂਦ ਸਮੇਂ ਸਰਕਾਰ ਵੱਲੋਂ ਹਲਕੇ ਦੀਆ ਸਮੱਸਿਆਵਾਂ ਦੇ ਹੱਲ ਲਈ ਚੰਡੀਗੜ੍ਹ ਤੋਂ ਵੀ ਉੱਚ ਅਧਿਕਾਰੀਆ ਤੇ ਅਧਿਕਾਰੀਆ ਨੂੰ ਇੱਥੇ ਤਾਇਨਾਤ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਖੇਡਾਂ ਸਨਅਤ ਦਾ ਗੜ੍ਹ ਹੋਣ ਕਰਕੇ ਵੀ ਖੇਡ ਸਨਅਤਕਾਰਾਂ ਤੇ ਵਪਾਰੀਆ ਦੀਆਂ ਵੀ ਕਾਫੀ ਸਮੱਸਿਆਵਾਂ ਹਨ, ਜਿਨ੍ਹਾਂ ਲਈ ਉਹ ਪਿਛਲੇ ਸਮੇਂ ਤੋਂ ਆਵਾਜ਼ ਚੁੱਕਦੇ ਆ ਰਹੇ ਹਨ।
ਮੁੱਖ ਮੰਤਰੀ ਰੋਜ਼ਾਨਾ ਹੀ ਕਾਰੋਬਾਰੀਆ, ਵਪਾਰੀਆਂ ਤੇ ਡਾਕਟਰਾਂ ਨਾਲ ਮੀਟਿੰਗਾਂ ਕਰਦੇ ਆ ਰਹੇ ਹਨ ਪਰ 13 ਜੁਲਾਈ ਜ਼ਿਮਨੀ ਚੋਣ ਦਾ ਨਤੀਜਾ ਹੀ ਤੈਅ ਕਰੇਗਾ ਕਿ ਸੂਬੇ ਦੀ ਸਿਆਸਤ ਦੀ ਦਸ਼ਾ ਤੇ ਦਿਸ਼ਾ ਕੀ ਹੈ।