ਪੱਤਰ ‘ਚ ਪਰਮਿੰਦਰ ਬਰਾੜ ਤੇ ਤੇਜਿੰਦਰ ਸਰਾਂ ਲਈ ਲਿਖਿਆ ਹੈ
ਭਾਜਪਾ ਦੇ ਚਾਰ ਸਿੱਖ ਲੀਡਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਭਾਜਪਾ ਸਿੱਖ ਤਾਲਮੇਲ ਕਮੇਟੀ ਤੇ ਕੌਮੀ ਰੇਲਵੇ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਸਰਾਂ, ਜਨਰਲ ਸਕੱਤਰ ਭਾਜਪਾ ਪਰਮਿੰਦਰ ਸਿੰਘ ਬਰਾੜ ਤੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੂਲੂ ਸ਼ਾਮਲ ਹਨ।
ਪਾਰਟੀ ਦਫ਼ਤਰ ਚੰਡੀਗੜ੍ਹ ਪਹੁੰਚੇ ਧਮਕੀ ਭਰੇ ਪੱਤਰ ‘ਚ ਕੁਝ ਜਲਣਸ਼ੀਲ ਪਦਾਰਥ ਵੀ ਮਿਲੇ ਹਨ। ਪੱਤਰ ‘ਚ ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਹਨ। ਬੀਜੇਪੀ ਲੀਡਰਾਂ ਨੇ ਦੱਸਿਆ ਕਿ ਅੱਜ ਉਹ ਇਸ ਮਾਮਲੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਹਨ। ਉਹ ਆਪਣੀ ਕਿਸਮ ਦਾ ਨਵਾਂ ਕੇਸ ਹੈ। ਪੱਤਰ ‘ਚ ਭਾਜਪਾ ਆਗੂਆਂ ਨੂੰ ਪਾਰਟੀ ਛੱਡਣ ਜਾਂ ਦੁਨੀਆ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਬੀਜੇਪੀ ਆਗੂਆਂ ਨੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਨੇ ਪੱਤਰ ‘ਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜਿਆ ਹੈ।
ਪੱਤਰ ‘ਚ ਪਰਮਿੰਦਰ ਬਰਾੜ ਤੇ ਤੇਜਿੰਦਰ ਸਰਾਂ ਲਈ ਲਿਖਿਆ ਹੈ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਕਿ ਆਪਣੇ ਸਿਰਾਂ ਉਪਰ ਪੱਗਾਂ ਬੰਨ੍ਹਾਂ ਕੇ ਤੁਸੀਂ ਭਾਜਪਾ ਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਹੇ ਹੋ। ਕਿਸਾਨ ਅੰਦੋਲਨ ਨੂੰ ਤੋੜਨ ਲਈ ਤੁਸੀਂ ਭਾਜਪਾ ਨਾਲ ਮਿਲ ਕੇ ਕੰਮ ਕੀਤਾ ਸੀ। ਤੁਸੀਂ ਸਿੱਖ ਕੌਮ ਦੇ ਗੱਦਾਰ ਹੋ। ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਨੂੰ ਅਸੀਂ ਹੁਣ ਕਲੀਅਰ ਕਰਾਂਗੇ ਤੇ ਜਲਦ ਹੀ ਤੁਹਾਨੂੰ ਮਿਲਾਂਗੇ।