ਬਿਕਰਮ ਸਿੰਘ ਮਜੀਠੀਆ ਖਿਲਾਫ਼ ਜਾਰੀ ਕੀਤਾ ਸੰਮਨ ਵਾਪਸ ਲੈਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ
ਸ੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਅਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਡਰੱਗ ਮਾਮਲੇ ਵਿਚ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਦੁਆਰਾ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ਼ ਜਾਰੀ ਕੀਤਾ ਸੰਮਨ ਵਾਪਸ ਲੈਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਦੀ ਸਾਜਿਸ਼ ਤੇ ਝੂਠ ਦਾ ਭਾਂਡਾ ਚੁਰਾਹੇ ਫੁੱਟ ਗਿਆ ਹੈ।
ਅੱਜ ਐੱਸ.ਆਈ.ਟੀ ਦੁਆਰਾ ਹਾਈਕੋਰਟ ਵਿਚ ਸੰਮਨ ਵਾਪਸ ਲੈਣ ਦੇ ਫੈਸਲੇ ਬਾਅਦ ਅਕਾਲੀ ਦਲ ਦੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਕਲੇਰ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਡਰੱਗ ਦੇ ਮੁੱਦੇ ’ਤੇ ਸਾਜਿਸ਼ ਤਹਿਤ ਸਿਆਸਤ ਕਰਦੇ ਹੋਏ ਅਕਾਲੀ ਨੇਤਾ (ਬਿਕਰਮ ਸਿੰਘ ਮਜੀਠੀਆ) ਨੂੰ ਬਦਨਾਮ ਕੀਤਾ। ਕਲੇਰ ਨੇ ਕਿਹਾ ਕਿ ਡਰੱਗ ਮਾਮਲੇ ਵਿਚ ਹਾਈਕੋਰਟ ਦੀ ਨਿਗਰਾਨੀ ਹੇਠ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਵੀ ਨੀਰਜਾ, ਇਸ਼ਵਰ ਸਿੰਘ ਅਤੇ ਨਗੇਸ਼ਵਰ ਰਾਓ ਦੇ ਅਧਾਰਿਤ ਟੀਮ ਨੇ ਜਾਂਚ ਕੀਤੀ। ਡਰੱਗ ਮਾਮਲੇ ਵਿਚ ਦਸ ਚਾਲਾਨ ਅਦਾਲਤ ਵਿਚ ਪੇਸ਼ ਹੋਏ ਪਰ ਕਿਸੇ ਵੀ ਚਾਲਾਨ ਵਿਚ ਮਜੀਠੀਆ ਸਮੇਤ ਕਿਸੇ ਵੀ ਅਕਾਲੀ ਵਰਕਰ ਦਾ ਨਾਮ ਸਾਹਮਣੇ ਨਹੀ ਆਇਆ, ਪਰ ਆਪ ਤੇ ਕਾਂਗਰਸ ਨੇਤਾ ਜਾਣਬੁੱਝ ਕੇ ਬਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਲਈ ਸਿਆਸੀ ਮੁੱਦਾ ਬਣਾਇਆ।
ਕਲੇਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਮਜੀਠੀਆ ਖਿਲਾਫ਼ ਕੇਸ ਦਰਜ ਕਰਨ ਲਈ ਤਿੰਨ ਡੀਜੀਪੀ ਲਗਾਏ ਅਤੇ ਰਾਤੋ ਰਾਤ ਝੂਠਾ ਕੇਸ ਦਰਜ ਕਰ ਦਿੱਤਾ। ਜਦਕਿ ਇਹਨਾਂ ਮਾਮਲਿਆਂ ਵਿਚ ਟ੍ਰਾਇਲ ਹੋ ਚੁੱਕਾ ਸੀ। ਵੋਟਾਂ ਨੇੜੇ ਹੋਣ ਕਾਰਨ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਪਰ ਅਦਾਲਤ ਦੇ ਹੁਕਮ ਅਨੁਸਾਰ ਵੋਟਾਂ ਬਾਅਦ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ (ਚੰਨੀ ਤੇ ਮਾਨ) ਡਰੱਗ ਤਸਕਰਾਂ ਨਾਲ ਕੋਈ ਸਬੰਧ ਸਥਾਪਤ ਹੋਣ ਦਾ ਸਾਬੂਤ ਅਤੇ ਕੋਈ ਰਿਕਵਰੀ ਤੱਕ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਤੇ 9 ਦਸੰਬਰ ਨੂੰ ਮੁੱਖ ਮੰਤਰੀ ਦੀ ਬੇਟੀ ਨੇ ਮੁੱਖ ਮੰਤਰੀ ਖਿਲਾਫ਼ ਬਿਆਨਬਾਜੀ ਕੀਤੀ, ਇਸਨੂੰ ਲੈ ਕੇ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਸਿਟ ਨੇ ਫਿਰ ਸੰਮਨ ਜਾਰੀ ਕਰ ਦਿੱਤੇ।
ਕਲੇਰ ਨੇ ਦੱਸਿਆ ਕਿ ਬਲਰਾਜ ਸਿੰਘ, ਐੱਸ ਰਾਹੁਲ, ਸੁਖਵਿੰਦਰ ਸਿੰਘ ਛੀਨਾ ਅਤੇ ਹਰਚਰਨ ਸਿੰਘ ਭੁੱਲਰ ਦੇ ਆਧਾਰਿਤ ਟੀਮ ਵਲੋਂ ਵਾਰ- ਵਾਰ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਅਤੇ ਉਹ ਹਰ ਸੰਮਨ ’ਤੇ ਵਿਸੇਸ਼ ਜਾਂਚ ਟੀਮ ਅੱਗੇ ਪੇਸ਼ ਵੀ ਹੁੰਦੇ ਰਹੇ। ਸਾਜਿਸ਼ ਤਹਿਤ ਵਾਰ ਵਾਰ ਸੰਮਨ ਭੇਜਕੇ ਬਦਨਾਮ ਕਰਨ ਨੂੰ ਲੈ ਕੇ ਮਜੀਠੀਆ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਤਾਂ ਕੋਰਟ ਨੇ ਸੰਮਨ ’ਤੇ ਰੋਕ ਲਗਾ ਦਿੱਤੀ ,ਪਰ ਅੱਜ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਸੰਮਨ ਵਾਪਸ ਲੈਣ ਦੀ ਗੱਲ ਕਹੀ। ਜਿਸਤੋਂ ਸਪਸ਼ਟ ਹੋ ਗਿਆ ਹੈ ਕਿ ਵਿਰੋਧੀਆ ਵਲੋਂ ਜਾਣਬੁੱਝ ਕੇ ਬਦਨਾਮ ਕਰਨ ਦੀ ਇਹ ਵੱਡੀ ਸਾਜਿਸ਼ ਸੀ।
ਕਲੇਰ ਨੇ ਕਿਹਾ ਕਿ ਮਾਨ ਸਰਕਾਰ ਦੇ ਢਾਈ ਸਾਲਾਂ ਦੇ ਵਕਫ਼ੇ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋਣ ਦੀਆਂ ਦਰਜ਼ਨਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਟੇਜ਼ ਚਲਾਉਣੀ ਤਾਂ ਆਉਂਦੀ ਹੈ ਪਰ ਸਟੇਟ ਚਲਾਉਣੀ ਨਹੀਂ ਆਉਂਦੀ। ਇਸ ਲਈ ਨੈਤਿਕਤਾ ਦੇ ਅਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ।