ਦੇਸ਼ ਤੋਂ ਇਲਾਵਾ ਯੂਕੇ ਵਿੱਚ ਵੀ ਪੰਜਾਬੀਆਂ ਨੇ ਸਿਆਸਤ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।
ਦੇਸ਼ ਤੋਂ ਇਲਾਵਾ ਯੂਕੇ ਵਿੱਚ ਵੀ ਪੰਜਾਬੀਆਂ ਨੇ ਸਿਆਸਤ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਜ਼ਿਲ੍ਹੇ ਦੇ ਦੋ ਪੰਜਾਬੀਆਂ ਨੇ ਯੂਕੇ ਵਿੱਚ ਹੋਈਆਂ ਆਮ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਮਾਰ ਕੇ ਮਹਿਜ਼ ਜਲੰਧਰ ਦਾ ਹੀ ਨਹੀਂ, ਸਗੋਂ ਪੰਜਾਬ ਦਾ ਨਾਂ ਇੰਗਲੈਂਡ ਦੇ ਇਤਿਹਾਸ ’ਚ ਸੁਨਹਿਰੀ ਸ਼ਬਦਾਂ ਵਿੱਚ ਲਿਖ ਦਿੱਤਾ ਹੈ। ਜਲੰਧਰ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਨੂੰ ਗ੍ਰੇਵਸ਼ੈਮ ਸ਼ਹਿਰ ਅਤੇ ਜਮਸ਼ੇਰ ਖਾਸ ਨੇੜਲੇ ਖੇੜਾ ਪਿੰਡ ਦੀ ਪ੍ਰੀਤ ਕੌਰ ਗਿੱਲ ਨੂੰ ਐਜਬੈਸਟਨ ਤੋਂ ਲੇਬਰ ਪਾਰਟੀ ਦੇ ਬੈਨਰ ਹੇਠ ਸੰਸਦ ਮੈਂਬਰ ਚੁਣਿਆ ਗਿਆ ਹੈ। ਦੋਵਾਂ ਪਿੰਡਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ।
ਪਿੰਡ ਦੇ ਪੁੱਤ ਵੱਲੋਂ ਇੰਗਲੈਂਡ ‘ਚ ਬੱਲੇ-ਬੱਲੇ ਕਰਵਾਉਣ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਵਿੱਚ ਖੁਸ਼ੀ ਤੇ ਜਸ਼ਨ ਦਾ ਮਾਹੌਲ ਹੈ। ਯੂਕੇ ਦੇ ਗ੍ਰੇਵਸ਼ੈਮ ਸ਼ਹਿਰ ਤੋਂ ਚੋਣ ਜਿੱਤਣ ਵਾਲੇ ਤਨਮਨਜੀਤ ਸਿੰਘ ਢੇਸੀ ਦੀ ਤਰਫੋਂ ਤਨ, ਮਨ ਅਤੇ ਧਨ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸਦੇ ਸਦਕੇ ਵਜੋਂ ਉਹ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਤਨਮਨਜੀਤ ਸਿੰਘ ਦੇ ਤਾਇਆ ਅਮਰੀਕ ਸਿੰਘ ਰਾਏਪੁਰ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪਿੰਡ ਦੇ ਪੁੱਤ ਨੇ ਇੰਗਲੈਂਡ ‘ਚ ਪੰਜਾਬੀਅਤ ਨੂੰ ਜਿਤਾ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ।
ਪਿੰਡ ਵਿੱਚ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਬੇਟਾ ਇੰਗਲੈਂਡ ਦੇ ਸ਼ਹਿਰ ਗ੍ਰੇਵਸ਼ੈਮ ਵਿਚ ਯੂਰਪ ਦਾ ਸਭ ਤੋਂ ਘੱਟ ਉਮਰ ਦਾ ਸਿੱਖ ਮੇਅਰ ਬਣਨ ਵਾਲਾ ਬਰਤਾਨਵੀ ਪਾਰਲੀਮੈਂਟ ਦਾ ਪਹਿਲਾ ਸਿੱਖ ਐੱਮਪੀ ਵੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਭਾਈ ਪਰਮਜੀਤ ਸਿੰਘ ਰਾਏਪੁਰ ਨੇ ਯੂਕੇ ਤੋਂ ਫੋਨ ਕੀਤਾ ਤਾਂ ਜਿੱਤ ਦੀ ਖ਼ਬਰ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸਾਰਾ ਪਰਿਵਾਰ ਯੂਕੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਤਨਮਨਜੀਤ ਸਿੰਘ ਯਾਨੀ ਚੰਨੀ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਹੈ। ਉਹ ਜਲਦੀ ਹੀ ਹਰ ਵਰਗ ਦੇ ਲੋਕਾਂ ਨਾਲ ਰਲ ਮਿਲ ਜਾਂਦਾ ਹੈ। ਉਹ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਭਾਰਤੀ ਮੂਲ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਰੱਖਣਗੇ।