ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ‘ਚ ਔਸਤ ਤੋਂ 2 ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਤਾਮਿਲਨਾਡੂ ਦੇ 12 ਜ਼ਿਲ੍ਹਿਆਂ ਵਿਚ ਅਗਲੇ 3 ਘੰਟਿਆਂ ਤੱਕ ਮੋਹਲੇਧਾਰ ਮੀਂਹ ਪਵੇਗਾ।
ਚੇਨਈ ਅਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਪੂਰੀ ਰਾਤ ਪਏ ਮੀਂਹ ਮਗਰੋਂ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਹੈ। ਮੀਂਹ ਦੀ ਵਜ੍ਹਾ ਨਾਲ ਚੇਨਈ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਸਵੇਰੇ ਦਫ਼ਤਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਬੇ ‘ਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਆਫ਼ਤ ਪ੍ਰਤੀਕਿਰਿਆ ਟੀਮ ਨੂੰ ਤਿਆਰ ਰੱਖਿਆ ਗਿਆ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਬੁਲੇਟਿਨ ਮੁਤਾਬਕ ਦਿਨ ਦੌਰਾਨ ਬੱਦਲ ਛਾਏ ਰਹਿਣ ਅਤੇ ਬਹੁਤ ਹਲਕਾ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਸਵੇਰੇ ਸਾਢੇ 8 ਵਜੇ ਨਮੀ 96 ਫ਼ੀਸਦੀ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ 366 ਦਰਜ ਕੀਤਾ ਗਿਆ।