ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ
ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਵਿਅਕਤੀਆਂ ਨੇ ਪਿੰਡ ਉਮੈਦਪੁਰ ਦੇ ਸਾਬਕਾ ਸਰਪੰਚ ‘ਤੇ ਹਮਲਾ ਕਰ ਦਿੱਤਾl ਮੁਲਜ਼ਮਾਂ ਨੇ ਤੇਜ਼ਧਾਰ ਗਰਾਰੀ ਨਾਲ ਸਾਬਕਾ ਸਰਪੰਚ ਦੇ ਸਿਰ ਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਮਾਰੀਆਂl ਗੰਭੀਰ ਰੂਪ ‘ਚ ਫੱਟੜ ਹੋਏ ਸਾਬਕਾ ਸਰਪੰਚ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆl
ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਉਮੈਦਪੁਰ ਦੇ ਵਾਸੀ ਅਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਸ਼ੁਭਮ ਸਮੇਤ ਪਿੰਡ ਉਮੈਦਪੁਰ ਵਾਸੀ ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰੁਤਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਬਲਵੀਰ ਸਿੰਘ ਨੇ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਮੈਦਪੁਰ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਦਾ ਦੂਸਰੀ ਧਿਰ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀl ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਤੋਂ ਪੈਦਲ ਹੀ ਘਰ ਵੱਲ ਜਾ ਰਿਹਾ ਸੀ।
ਜਿਵੇਂ ਹੀ ਉਹ ਪਿੰਡ ਉਮੈਦਪੁਰ ਚੌਕ ਪਹੁੰਚਿਆ, ਸੰਪੂਰਨ ਦਾਸ ਦੇ ਘਰ ਦੇ ਸਾਹਮਣੇ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆl ਹਮਲਾਵਰਾਂ ਨੇ ਤਿੱਖੀ ਤੇਜ਼ਧਾਰ ਗਰਾਰੀ ਨਾਲ ਉਸਦੇ ਸਿਰ ਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਜ਼ਬਰਦਸਤ ਵਾਰ ਕੀਤੇl ਫੱਟੜ ਕਰਨ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏl
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਬਕਾ ਸਰਪੰਚ ਨੂੰ ਫੱਟੜ ਹਾਲਤ ‘ਚ ਦਯਾਨੰਦ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ‘ਚੋਂ ਬਾਹਰ ਦੱਸੀ ਜਾ ਰਹੀ ਹੈ l ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਪੰਜ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈl