ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੂੰ ਦਿੱਤੇ ਬਿਆਨ ’ਚ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਨੇ ਲਿਖਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ।
ਬੀਤੀ 1 ਜੁਲਾਈ ਤੋਂ ਦੇਸ਼ ਅੰਦਰ ਭਾਰਤੀ ਦੰਡਾਵਲੀ ਦੀ ਥਾਂ ਨਵੇਂ ਕਾਨੂੰਨ ਭਾਰਤੀ ਨਿਆਯ ਸੰਹਿਤਾ ਲਾਗੂ ਹੋਣ ਮਗਰੋਂ ਬਰਨਾਲਾ ਜ਼ਿਲ੍ਹੇ ਅੰਦਰ ਇਕ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਨ ਦੇ ਜੁਰਮ ਤਹਿਤ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਨਵੇਂ ਕਾਨੂੰਨ ਅਧੀਨ ਪਹਿਲਾ ਮਾਮਲਾ ਦਰਜ ਕੀਤਾ ਹੈ।
ਨਵੇਂ ਕਾਨੂੰਨ ਦੀ ਪਹਿਲੀ ਐੱਫ਼.ਆਈ.ਆਰ. ਦੇ ਪਹਿਲੇ ਤਫ਼ਤੀਸ਼ ਅਧਿਕਾਰੀ ਥਾਣਾ ਰੂੜੇਕੇ ਕਲਾਂ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਬਣੇ ਹਨ। ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕ ਨਿਹੰਗ ਜਸਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਕਾਹਨੇਕੇ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 103 (1), 3 (5) ਤਹਿਤ ਕੇਸ ਦਰਜ ਕੀਤਾ ਹੈ। ਜ਼ਿਲ੍ਹੇ ਅੰਦਰ 1 ਜੁਲਾਈ ਨੂੰ ਇਹ ਪਹਿਲੀ ਐੱਫ਼ਆਈਆਰ ਨਵੇਂ ਕਾਨੂੰਨ ਤਹਿਤ ਦਰਜ ਹੋਈ ਹੈ।
ਕੀ ਹੈ ਪੂਰਾ ਮਾਮਲਾ
ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੂੰ ਦਿੱਤੇ ਬਿਆਨ ’ਚ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਨੇ ਲਿਖਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਲੜਕੇ ਜਸਵਿੰਦਰ ਸਿੰਘ, ਜਗਰਾਜ ਸਿੰਘ, ਜਸਪਾਲ ਸਿੰਘ ਹਨ ਤੇ ਜਗਰਾਜ ਸਿੰਘ ਤੇ ਜਸਪਾਲ ਸਿੰਘ ਸ਼ਾਦੀ ਸ਼ੁਦਾ ਹਨ ਤੇ ਇਹ ਉਸਦੇ ਨਾਲ ਆਪਣੇ ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੇਤ ’ਚ ਰਹਿੰਦੇ ਹਨ। ਜਦੋਂਕਿ ਮ੍ਰਿਤਕ ਜਸਵਿੰਦਰ ਸਿੰਘ ਦਾ ਵਿਆਹ ਨਹੀਂ ਹੋਇਆ ਸੀ, ਉਹ ਕਰੀਬ 20 ਸਾਲ ਤੋਂ ਬੁੱਢਾ ਦਲ ਨਿਹੰਗ ਸਿੰਘਾਂ ’ਚ ਸ਼ਾਮਿਲ ਹੋ ਗਿਆ ਸੀ।
ਕਰੀਬ 7 ਸਾਲ ਤੋਂ ਉਹ ਪਿੰਡ ’ਚ ਬਣੇ ਸਾਡੇ ਪੁਰਾਣੇ ਘਰ ’ਚ ਇਕੱਲਾ ਰਹਿੰਦਾ ਸੀ ਤੇ ਆਪਣੀ ਰੋਟੀ ਪਾਣੀ ਆਪ ਹੀ ਬਣਾਉਦਾ ਸੀ। ਮੁਦਈ ਮੁਤਾਬਿਕ ਉਹ ਲੰਘੀ ਕੱਲ੍ਹ ਸੁਭਾ ਵਕਤ ਕਰੀਬ 7 ਵਜੇ ਆਪਣੇ ਲੜਕੇ ਜਗਰਾਜ ਸਿੰਘ ਸਮੇਤ ਰੁਟੀਨ ’ਚ ਹੀ ਆਪਣੇ ਲੜਕੇ ਜਸਵਿੰਦਰ ਸਿੰਘ ਪਾਸ ਪਹੁੰਚੇ। ਉੱਥੇ ਉਨ੍ਹਾਂ ਵੇਖਿਆ ਕਿ ਘਰ ਦਾ ਬਾਹਰਲਾ ਗੇਟ ਖੁੱਲਾ ਸੀ ਤੇ ਜਸਵਿੰਦਰ ਸਿੰਘ ਵਿਹੜੇ ’ਚ ਮੰਜੇ ਉੱਪਰ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ।
ਕਿਸੇ ਨਾਮਲੂਮ ਵਿਅਕਤੀ/ਵਿਅਕਤੀਆਂ ਵੱਲੋ ਤੇਜਧਾਰ ਹਥਿਆਰਾਂ ਨਾਲ ਮੂੰਹ ਤੇ ਗਰਦਨ ਉੱਪਰ ਵਾਰ ਕਰਕੇ ਉਸ ਦਾ ਕਤਲ ਕੀਤਾ ਹੋਇਆ ਸੀ। ਮੁਦਈ ਜਰਨੈਲ ਸਿੰਘ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 54 ਮਿਤੀ 01-07-2024 ਅ\ਧ 103 (1), 3(5) ਬੀਐੱਨਐੱਸ ਥਾਣਾ ਰੂੜੇਕੇ ਕਲਾਂ ਵਿਖੇ ਦਰਜ ਕੀਤਾ ਗਿਆ। ਮਾਮਲੇ ਦੀ ਤਫ਼ਤੀਸ਼ ਇੰਸਪੈਕਟਰ ਜਗਜੀਤ ਸਿੰਘ ਨੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਰਾਣਿਆਂ ਦੀ ਥਾਂ ਲੱਗੀਆਂ ਨਵੀਆਂ ਧਾਰਾਂਵਾਂ
ਪਹਿਲੇ ਕਾਨੂੰਨ ਅਨੁਸਾਰ ਅਜਿਹੇ ਜੁਰਮ ਲਈ 302/34 ਆਈਪੀਸੀ ਲਾਈ ਜਾਣੀ ਸੀ, ਹੁਣ 302 ਦੀ ਥਾਂ ਭਾਰਤੀ ਨਿਆਂ ਸੰਹਿਤਾ ਦੀ ਸੈਕਸ਼ਨ 103 (1) ਤੇ 34 ਦੀ ਥਾਂ ਸੈਕਸ਼ਨ 3 (5) ਲੱਗੀਆਂ ਹਨ। 103 (1) ਧਾਰਾ ’ਚ ਜੁਰਮ ਤੇ ਸਜਾ ਦੀ ਵਿਆਖਿਆ ਕੀਤੀ ਗਈ ਹੈ। ਜਦੋਂਕਿ ਇਸ ਜੁਰਮ ਤਹਿਤ ਦੋਸ਼ੀ ਨੂੰ ਸਜਾ-ਏ-ਮੌਤ ਤੇ ਜੁਰਮਾਨੇ ਸਮੇਤ ਉਮਰ ਭਰ ਦੀ ਸਜ਼ਾ ਹੋ ਸਕਦੀ ਹੈ। ਬੀਐੱਨਐੱਸ ਦੇ ਸੈਕਸ਼ਨ 3 (5) ਅਨੁਸਾਰ ਜ਼ੁਰਮ ’ਚ ਇੱਕ ਤੋਂ ਵਧੇਰੇ ਦੋਸ਼ੀ ਸ਼ਾਮਿਲ ਹਨ।