ਪੁਲਿਸ ਅਧਿਕਾਰੀ ਡੀਐਸਪੀ ਹਰਕ੍ਰਿਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ ਚ ਹੈ
ਪੰਜਾਬ ਪੁਲਿਸ ਜਿਸ ਦਾ ਗਠਨ ਲੋਕਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ, ਫਿਰ ਇਕ ਵਾਰ ਸੁਰਖੀਆਂ ‘ ਚ ਹੈ। ਇਸ ਵਾਰ ਵਜ੍ਹਾ ਪੁਲਿਸ ਮੁਲਾਜ਼ਮ ਦਾ ਆਪਣੀ ਹੀ ਸਾਥੀ ‘ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰਨਾ ਹੈ।
ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਨਰੋਟ ਥਾਣੇ ਹੇਠ ਆਉਂਦੇ ਕੋਹਲੀਆਂ ਨਾਕੇ ਦਾ ਹੈ। ਜਿਥੇ ਥਾਣਾ ਨਰੋਟ ਦੇ ਐਸਐਚਓ ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏਐਸਆਈ ਨਾਲ ਕੁੱਟਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ।
ਜਦ ਪੀੜਤ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਤ ਸਮੇਂ ਉਹ ਕੋਹਲੀਆਂ ਨਾਕੇ ‘ਤੇ ਡਿਊਟੀ ਦੇ ਰਿਹਾ ਸੀ। ਉੱਥੇ ਤਾਇਨਾਤ ਮੁਲਾਜ਼ਮ ਇਕ ਦੂਜੇ ਨੂੰ ਰੈਸਟ ਦੇਣ ਲਈ ਕੁਝ ਸਮੇਂ ਬਾਅਦ ਇਕ ਘੰਟੇ ਦੀ ਰੈਸਟ ਕਰਦੇ ਹਨ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਨਰੋਟ ਜੈਮਲ ਸਿੰਘ ਦੇ ਐਸਐਚਓ ਨੇ ਨਾਕੇ ‘ਤੇ ਆ ਕੇ ਬਿਨਾਂ ਕੁਝ ਦੱਸੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਜ਼ਖ਼ਮੀ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ ਹੈ।
ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਡੀਐਸਪੀ ਹਰਕ੍ਰਿਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ ਚ ਹੈ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਐਸਐਚਓ ਤੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।