ਬਾਦਲ ਨੇ ਦੱਸਿਆ ਕਿ ਬੀਬੀ ਅਰਮਾਨਜੋਤ ਕੌਰ ਤੇ ਬੀਬੀ ਲਖਵਿੰਦਰ ਕੌਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਸਿਰਫ਼ ਇਸ ਕਰਕੇ ਰੋਕ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕ੍ਰਿਪਾਨ ਸਮੇਤ ਪੰਜ ਸਿੱਖ ਕੱਕਾਰ ਧਾਰਨ ਕੀਤੇ ਹੋਏ ਸਨ…
ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਅੰਮ੍ਰਿਤਧਾਰੀ ਦੋ ਬੀਬੀਆਂ ਨੂੰ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਵਾਲੇ ਪ੍ਰੀਖਿਆ ਅਮਲੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਸਿੱਖ ਸਮਾਜ ਪਰੇਸ਼ਾਨ ਹੈ।
ਬੀਬੀ ਬਾਦਲ ਨੇ ਕਿਹਾ ਕਿ ਪ੍ਰੀਖਿਆ ਅਮਲੇ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ, ਕਿਉਂਕਿ ਧਾਰਾ 25 ਮੁਤਾਬਕ ਅੰਮ੍ਰਿਤਧਾਰੀ ਸਿੱਖ ਪੰਜ ਕੱਕਾਰ ਧਾਰਨ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।
ਬਾਦਲ ਨੇ ਦੱਸਿਆ ਕਿ ਬੀਬੀ ਅਰਮਾਨਜੋਤ ਕੌਰ ਤੇ ਬੀਬੀ ਲਖਵਿੰਦਰ ਕੌਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਸਿਰਫ਼ ਇਸ ਕਰਕੇ ਰੋਕ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕ੍ਰਿਪਾਨ ਸਮੇਤ ਪੰਜ ਸਿੱਖ ਕੱਕਾਰ ਧਾਰਨ ਕੀਤੇ ਹੋਏ ਸਨ। ਉਹਨਾਂ ਕਿਹਾ ਕਿ ਲਖਵਿੰਦਰ ਕੌਰ ਨੂੰ ਪ੍ਰੀਖਿਆ ਵਿਚ ਬੈਠਣ ਲਈ ਆਪਣਾ ‘ਕੜਾ’ ਤੇ ‘ਕ੍ਰਿਪਾਨ’ ਉਤਾਰਣੀ ਪਈ।
ਬਾਦਲ ਨੇ ਮੁੱਖ ਮੰਤਰੀ ਨੂੰ ਦੋਵੇਂ ਅੰਮ੍ਰਿਤਧਾਰੀ ਬੀਬੀਆਂ ਨੂੰ ਹੋਈ ਮਾਨਸਿਕ ਪੀੜਾ ਨੂੰ ਸਮਝਣ ਅਤੇ ਕਾਨੂੰਨ ਮੁਤਾਬਕ ਉਹਨਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਖਵਿੰਦਰ ਕੌਰ ਨੇ ਪ੍ਰੀਖਿਆ ਸਟਾਫ ਖਿਲਾਫ ਕੇਸ ਦਰਜ ਕਰਵਾਉਣ ਲਈ ਜੋਧਪੁਰ ਪੁਲਿਸ ਕੋਲ ਪਹੁੰਚ ਕੀਤੀ ਪਰ ਉਸਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਰਾਜਸਥਾਨ ਸਰਕਾਰ ਵਿਚ ਸ਼ਾਮਲ ਸਾਰੇ ਅਧਿਕਾਰੀਆਂ ਤੇ ਅਮਲੇ ਨੂੰ ਸਿੱਖ ਕੱਕਾਰਾਂ ਦੀ ਜਾਣਕਾਰੀ ਦੇਣ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾਂ ਨਾ ਵਾਪਰੇ।