ਏਡੀਸੀਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾ ਸੁਪਰਵਾਈਜ਼ਰ ਨੇ ਸੁਰੱਖਿਆ ਅਧਿਕਾਰੀ ਅਮਰਬੀਰ ਸਿੰਘ ਤੇ ਉਸ ਦੇ ਦੋ ਸਾਥੀਆਂ ’ਤੇ ਛੇੜਛਾੜ ਦੇ ਦੋਸ਼ ਲਾਏ ਹਨ।
ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਪਿਛਲੇ ਸਾਲ ਅਕਤੂਬਰ ਵਿਚ ਬਿਨਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਨੇ ਐੱਫਆਈਆਰ ਦਰਜ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਤੇ ਸੀਪੀ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਅਪੀਲ ਕੀਤੀ ਸੀ। ਸੀਪੀ ਦੇ ਹੁਕਮਾਂ ’ਤੇ ਡੀਸੀਪੀ ਆਲਮ ਵਿਜੇ ਅਤੇ ਏਡੀਸੀਪੀ ਦਰਪਨ ਆਹਲੂਵਾਲੀਆ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਕੋਟ ਖ਼ਾਲਸਾ ਨੇੜੇ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਸਾਲ 2021 ਵਿਚ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੁਪਰਵਾਈਜ਼ਰ ਦੀ ਨੌਕਰੀ ਮਿਲੀ ਸੀ। ਜੁਆਇਨ ਕਰਨ ਤੋਂ ਕੁਝ ਦਿਨ ਬਾਅਦ ਹੀ ਸੁਰੱਖਿਆ ਅਧਿਕਾਰੀ ਅਮਰਬੀਰ ਸਿੰਘ ਚਾਹਲ, ਰਾਮ ਸਿੰਘ ਤੇ ਸਾਹਿਬ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੱਤੀ ਗਈ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਕਮਰੇ ਵਿਚ ਇਕੱਲੀ ਸੀ ਤਾਂ ਮੋਬਾਈਲ ’ਤੇ ਉਸ ਨੂੰ ਅਸ਼ਲੀਲ ਫਿਲਮਾਂ ਦਿਖਾਈਆਂ ਜਾਣ ਲੱਗੀਆਂ।
ਪਰ ਨੌਕਰੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਉਸ ਨੇ ਚੁੱਪ ਧਾਰੀ ਰੱਖੀ। ਪਰ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਤਿੰਨਾਂ ਨੇ ਹੱਦ ਹੀ ਪਾਰ ਕਰ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਏਡੀਸੀਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਸੁਰੱਖਿਆ ਅਧਿਕਾਰੀ ਅਮਰਬੀਰ ਸਿੰਘ ਚਾਹਲ ਨੇ ਮਹਿਲਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਉਸ ਦੀਆਂ ਹਰਕਤਾਂ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਸ ਦੀ ਸ਼ਿਕਾਇਤ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਮੇਟੀ ਜਾਂਚ ਕਰ ਚੁੱਕੀ ਹੈ।