ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਬੇਹੱਦ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਪਤਾ ਪੀੜਤ ਪਰਿਵਾਰ ਨੂੰ ਕੈਨੇਡਾ ਤੋਂ ਆਈ ਇਕ ਫੋਨ ਕਾਲ ਤੋਂ ਜਿਉਂ ਹੀ ਪਤਾ ਲੱਗਿਆ, ਤਾਂ ਹੱਸਦੇ -ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲੱਗ ਗਿਆ ਤੇ ਸਭ ਪਾਸੇ ਚੀਕ-ਚਿਹਾੜਾ ਪੈ ਗਿਆ ਤੇ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।
ਮ੍ਰਿਤਕ ਸੁੱਖਾ ਥਿੱਗਲੀ ਦੇ ਪਿਤਾ ਕੁਲਵੰਤ ਰਾਏ ਭੱਲਾ, ਮਾਤਾ ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਤਾਇਆ ਲਾਭ ਚੰਦ ਥਿੱਗਲੀ ਤੇ ਭਰਜਾਈ ਮਮਤਾ ਰਾਣੀ ਮੈਂਬਰ ਬਲਾਕ ਸੰਮਤੀ ਨੇ ਧਾਹਾਂ ਮਾਰਦਿਆਂ ਹੋਇਆਂ ਆਖਿਆ ਕਿ ” ਸਾਡਾ ਪਰਿਵਾਰ ਤਬਾਹ ਹੋ ਗਿਆ ਹੈ ਅੱਜ ਦਾ ਦਿਨ ਪਰਿਵਾਰ ਲਈ ਮਨਹੂਸ ਹੋ ਨਿੱਬੜਿਆ ਹੈ।”
ਉਨ੍ਹਾਂ ਦੱਸਿਆ ਕਿ ਸੁੱਖਾ , ਜੋ ਕਿ ਆਸਟ੍ਰੇਲੀਆ ਵਿਚ ਸੈਂਟਰ ਸੀ ਉਸਦਾ ਵਿਆਹ ਕਰੀਬ 14 ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਬੜੇ ਹੀ ਚਾਵਾਂ -ਮਲਾਰਾਂ ਨਾਲ ਕੀਤਾ ਸੀ ਤੇ ਵਿਆਹ ਪਿੱਛੋਂ ਉਹ ਕੁਝ ਮਹੀਨੇ ਆਸਟ੍ਰੇਲੀਆ ਰਿਹਾ ਤੇ 5-6 ਮਹੀਨੇ ਪਹਿਲਾਂ ਹੀ ਉਹ ਕੈਨੇਡਾ ਵਿਚ ਆਪਣੀ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਪਾਸ ਪੁੱਜ ਗਿਆ ਸੀ।, ਜਿੱਥੇ ਉਹ ਵੀ ਵਧੀਆ ਕੰਮ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਸਾਕਸ਼ੀ ਸ਼ਰਮਾ ਵੀ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਹੀ ਸੀ। ਸੁੱਖਾ ਇੰਨ੍ਹੀਂ ਦਿਨੀਂ ਕੈਨੇਡਾ ਦੇ ਵਾਈਟ ਹਿੱਲ ਵਿਚ ਰਹਿ ਰਿਹਾ ਸੀ।
ਨੰਬਰਦਾਰ ਲਾਭ ਚੰਦ ਨੇ ਦੱਸਿਆ ਕਿ ਸੁੱਖੇ ਦੀ ਮੌਤ ਵਾਲੇ ਦਿਨ 2 ਕੁ ਘੰਟੇ ਪਹਿਲਾਂ ਆਪਣੀ ਪਤਨੀ ਨਾਲ ਫੋਨ ਉੱਤੇ ਗੱਲਬਾਤ ਵੀ ਹੋਈ ਸੀ ਅਤੇ ਬਾਅਦ ਵਿੱਚ ਸੁੱਤੇ ਪਏ ਨੂੰ ਹੀ ਕਥਿਤ ਹਾਰਟ ਅਟੈਕ ਆ ਗਿਆ,ਜਿਸ ਬਾਬਤ ਉਸਦੀ ਪਤਨੀ ਨੂੰ ਘਰ ਪੁੱਜ ਕੇ ਹੀ ਪਤਾ ਲੱਗਿਆ। ਉਸ ਦੀ ਇੰਡੀਆ ਰਹਿੰਦੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਸੀ ਅਤੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਉਹ ਖਿਡਾਰੀ ਰਿਹਾ ਹੈ ਤੇ ਬੁਰੀਆਂ ਅਲਾਮਤਾਂ ਤੋਂ ਕੋਹਾਂ ਦੂਰ ਸੀ, ਫਿਰ ਵੀ ਇਹ ਭਾਣਾ ਕਿਵੇਂ ਵਾਪਰ ਗਿਆ, ਸਭ ਹੈਰਾਨ ਹਨ। ਉਹ ਆਪਣੇ ਇੰਗਲੈਂਡ ਰਹਿੰਦੇ ਭਰਾ ਦੇ ਘਰ ਧੀ ਦੇ ਜਨਮ ਦੀ ਖੁਸ਼ੀ ਲਈ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਸੀ ਅਤੇ ਸਭ ਰਿਸ਼ਤੇਦਾਰੀਆਂ ਵਿਚ ਮਠਿਆਈਆਂ ਭੇਜਣ ਦੀ ਗੱਲ ਕਰਦਾ-ਕਰਦਾ ਸਭ ਨੂੰ ਛੱਡ ਕੇ ਕੋਹਾਂ ਦੂਰ ਚਲਿਆ ਗਿਆ, ਜਿੱਥੋਂ ਕੋਈ ਮੁੜਿਆ ਨਹੀਂ।
ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਵਿਧਾਇਕ ਹਲਕਾ ਕਪੂਰਥਲਾ, ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ, ਰਾਣਾ ਰਾਜਵੰਸ਼ ਕੌਰ ਸਾਬਕਾ ਵਿਧਾਇਕ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ, ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਆਦਿ ਆਗੂਆਂ ਨੇ ਪੀੜਤ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਵਿੱਛੜੀ ਆਤਮਾ ਲਈ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।