ਮਾਨਸਾ ਦੇ ਓਵਰ ਬ੍ਰਿਜ ਦੇ ਵਿੱਚ ਤਰੇੜਾਂ ਆ ਗਈਆਂ ਹਨ
ਮਾਨਸਾ ਦੇ ਓਵਰ ਬ੍ਰਿਜ ਤੋਂ ਜੇਕਰ ਤੁਸੀਂ ਵੀ ਲੰਘ ਰਹੇ ਹੋ ਤਾਂ ਜ਼ਰਾ ਸਾਵਧਾਨੀ ਦੇ ਨਾਲ ਕਿਉਂਕਿ ਓਵਰ ਬ੍ਰਿਜ ਉਪਰੋਂ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ। ਮਾਨਸਾ ਦੇ ਓਵਰ ਬ੍ਰਿਜ ਦੇ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਗਾਡਰ ਵੀ ਟੁੱਟਣੇ ਸ਼ੁਰੂ ਹੋ ਗਏ ਹਨ।
ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੀ ਇਸ ਪਾਸੇ ਨਜ਼ਰ ਨਹੀਂ ਗਈ। ਬੇਸ਼ਕ ਲੋਕਾਂ ਨੇ ਖੁਦ ਹੀ ਇਸ ਜਗ੍ਹਾ ‘ਤੇ ਇੱਟਾਂ ਰੋੜੇ ਸੁੱਟ ਦਿੱਤੇ ਹਨ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ।
ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਲੇਪਾ ਪੋਚੀ
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਵੀ ਓਵਰ ਬ੍ਰਿਜ ਇਸੇ ਜਗ੍ਹਾ ਤੋਂ ਦੂਸਰੀ ਸਾਈਡ ਟੁੱਟਿਆ ਸੀ, ਬ੍ਰਿਜ ਦੇ ਗਾਡਰ ਟੁੱਟ ਚੁੱਕੇ ਸਨ, ਬੇਸ਼ੱਕ ਉਸ ਸਮੇਂ ਪ੍ਰਸ਼ਾਸਨ ਵੱਲੋਂ ਥੋੜੀ ਬਹੁਤੀ ਲੇਪਾ ਪੋਚੀ ਜਰੂਰ ਕਰ ਦਿੱਤੀ ਸੀ, ਪਰ ਹੁਣ ਇਸੇ ਗਾਡਰ ਦੇ ਦੂਸਰੀ ਸਾਈਡ ਓਵਰ ਬਰਿਜ ਟੁੱਟਣਾ ਸ਼ੁਰੂ ਹੋ ਚੁੱਕਿਆ।
ਇਹੀ ਕਾਰਨ ਹੈ ਕਿ ਸਾਂਝੀ ਸਲੈਬ ਭਰਨ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਪੁਲ ਵਿੱਚ ਕੱਚਾ ਲੋਹਾ ਦਿਖਾਈ ਦੇਣ ਲੱਗਦਾ ਹੈ। ਇਸ ਪੁਲ ਤੋਂ ਭਾਰੀ ਅਤੇ ਹਲਕੇ ਵਾਹਨ ਲਗਾਤਾਰ ਲੰਘਦੇ ਹਨ ਅਤੇ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ।
ਹੁਣ ਇੱਕ ਵਾਰ ਫਿਰ ਪੁਲ ਦੀਆਂ ਸਾਂਝੀਆਂ ਸਲੈਬਾਂ ਖੁੱਲ੍ਹ ਗਈਆਂ ਹਨ। ਉਪਰੋਂ ਵਾਹਨ ਲਗਾਤਾਰ ਲੰਘ ਰਹੇ ਹਨ। ਜੇਕਰ ਜਲਦ ਹੀ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਰਾਤ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗੇ
ਇਸ ਮੌਕੇ ਰਾਹਗੀਰਾਂ ਦਾ ਕਹਿਣਾ ਹੈ ਕਿ ਓਵਰ ਬ੍ਰਿਜ ਦੇ ਉੱਪਰ ਤੋਂ ਟੁੱਟਣ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਕਿਉਂਕਿ ਇਸ ਓਵਰ ਬ੍ਰਿਜ ‘ਤੇ ਟਰੈਫਿਕ ਜਿਆਦਾ ਰਹਿੰਦੀ ਹੈ ਅਤੇ ਸਰਸਾ ਨੂੰ ਜਾਣ ਦਾ ਮੇਨ ਰਾਸਤਾ ਵੀ ਇਹੋ ਓਵਰ ਬ੍ਰਿਜ ਰਾਹੀਂ ਹੈ। ਉਹਨਾਂ ਕਿਹਾ ਕਿ ਤੁਰੰਤ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਨਾ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗੇ।
ਦੱਸਣ ਯੋਗ ਹੈ ਕਿ ਜਦੋਂ ਵੀ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਪਾਣੀ ਓਵਰ ਬ੍ਰਿਜ ਦੇ ਉੱਪਰ ਖੜ੍ਹ ਜਾਂਦਾ ਹੈ ਕਿਉਂਕਿ ਪਾਣੀ ਦੀ ਉੱਪਰੋਂ ਨਿਕਾਸੀ ਨਾ ਹੋਣ ਦੇ ਕਾਰਨ ਓਵਰ ਬ੍ਰਿਜ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਹਨ। ਬਾਰਿਸ਼ਾਂ ਦੇ ਮੌਸਮ ਵਿੱਚ ਇਸ ਓਵਰ ਬ੍ਰਿਜ ‘ਤੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦਿਆਂ ਪਾਣੀ ਓਵਰ ਬ੍ਰਿਜ ਦੇ ਉੱਪਰ ਹੀ ਖੜਾ ਹੋਣ ਕਾਰਨ ਓਵਰ ਬ੍ਰਿਜ ਖਸਤਾ ਹਾਲਤ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਓਵਰ ਬ੍ਰਿਜ ਦੇ ਉੱਪਰੋਂ ਰੋਜ਼ਾਨਾ ਹੀ ਇਨਾ ਜਿਆਦਾ ਟਰੈਫਿਕ ਲੰਘਦਾ ਹੈ ਅਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋਣ ਦੀ ਸ਼ੰਕਾ ਰਹਿੰਦੀ ਹੈ।