ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ।
ਅੱਤ ਦੀ ਗਰਮੀ ਨਾਲ ਪਿਛਲੇ ਕਈ ਮਹੀਨਿਆਂ ਤੋਂ ਜੂਝ ਰਹੇ ਪੰਜਾਬ ਵਾਸੀਆਂ ਨੂੰ ਹੁਣ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਇਸ ਵੱਲ ਹੀ ਇਸ਼ਾਰਾ ਕਰਦੀ ਹੈ।
ਦੱਸ ਦਈਏ ਐਕਸ ਉੱਤੇ ਪੋਸਟ ਸ਼ੇਅਰ ਕਰਦਿਆਂ ਚੰਡੀਗੜ੍ਹ ਮੋਸਮ ਵਿਭਾਗ ਨੇ ਸੰਗਰੂਰ , ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਗਰਮੀ ਤੋਂ ਰਾਹਤ ਫਸਲਾਂ ਲਈ ਵਰਦਾਨ
ਦੱਸ ਦਈਏ ਅੱਤ ਦੀ ਗਰਮੀਂ ਤੋਂ ਜਿੱਥੇ ਇਸ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਖੇਤੀ ਉੱਤੇ ਨਿਰਭਰ ਕਰਨ ਵਾਲੇ ਸੂਬੇ ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲਵਾਈ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਸ ਦੌਰਾਨ ਪਾਣੀ ਦਾ ਪੱਧਰ ਵੀ ਬਹੁਤ ਥੱਲੇ ਚਲਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਜੇਕਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਨੂੰ ਰਾਹਤ ਵੀ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਅ ਵੀ ਹੋਵੇਗਾ।
ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਪਿਆ ਮੀਂਹ
ਦੱਸ ਦਈਏ ਬੀਤੇ ਦਿਨ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਇਸ ਤੋਂ ਇਲਾਵਾ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਭਾਰੀ ਮੀਂਹ ਪਿਆ ਅਤੇ ਇਸ ਨੂੰ ਪ੍ਰੀ ਮਾਨਸੂਨ ਦੀ ਦਸਤਕ ਵੀ ਮੰਨਿਆ ਗਿਆ। ਜੀਂਦ ਜ਼ਿਲ੍ਹੇ ਵਿੱਚ ਔਸਤਨ 27 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੀਂਦ ਅਤੇ ਉਚਾਨਾ ਵਿੱਚ ਸਭ ਤੋਂ ਵੱਧ 45 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਬੁੱਧਵਾਰ ਨੂੰ ਜੀਂਦ ‘ਚ 45 ਮਿਲੀਮੀਟਰ, ਨਰਵਾਨਾ ‘ਚ 17 ਮਿਲੀਮੀਟਰ, ਸਫੀਦੋਂ ‘ਚ 15 ਮਿਲੀਮੀਟਰ, ਜੁਲਾਨਾ ‘ਚ 32 ਮਿਲੀਮੀਟਰ, ਉਚਾਨਾ ‘ਚ 45 ਮਿਲੀਮੀਟਰ ਅਤੇ ਅਲੇਵਾ ‘ਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।