ਮੌਸਮ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ, ਪੰਜਾਬ ’ਚ 26 ਤੇ 27 ਜੂਨ ਤੱਕ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ
ਭਿਅੰਕਰ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਪੰਜਾਬ ਨੂੰ ਜਲਦ ਰਾਹਤ ਮਿਲ ਜਾਏਗੀ। ਬਾਰਿਸ਼ ਦਾ ਲੰਬਾ ਇੰਤਜ਼ਾਰ ਖ਼ਤਮ ਹੋਵੇਗਾ ਤੇ ਕਿਸਾਨਾਂ ਦੇ ਚਿਹਰੇ ’ਤੇ ਖ਼ੁਸ਼ੀ ਨਜ਼ਰ ਆਵੇਗੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ, ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਪੰਜਾਬ ਦੇ ਉੱਤਰੀ ਹਿੱਸੇ ’ਚ ਮੌਨਸੂਨ ਦੇ ਅੱਗੇ ਵਧਣ ਲਈ ਢੁੱਕਵੇਂ ਹਾਲਾਤ ਬਣ ਰਹੇ ਹਨ।
ਸੰਭਾਵਨਾ ਹੈ ਕਿ 27 ਜੂਨ ਤੋਂ ਬਾਅਦ ਪੰਜਾਬ ’ਚ ਮੌਨਸੂਨ ਦਸਤਕ ਦੇ ਦੇਵੇਗਾ। ਮੌਨਸੂਨ ਦੀ ਆਹਟ ਦੇ ਨਾਲ ਹੀ ਪੰਜਾਬ ਦਾ ਮੌਸਮ ਵੀ ਬਦਲ ਜਾਏਗਾ।
ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ
ਮੌਸਮ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ, ਪੰਜਾਬ ’ਚ 26 ਤੇ 27 ਜੂਨ ਤਕ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ 28 ਤੋਂ 29 ਜੂਨ ਨੂੰ ਕੁਝ ਥਾਵਾਂ ’ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਤੇ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਹੋ ਸਕਦੀ ਹੈ।
ਇਸ ਨੂੰ ਲੈ ਕੇ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਥੇ 30 ਜੂਨ ਤੇ ਇਕ ਜੁਲਾਈ ਨੂੰ ਕਈ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਫਰੀਦਕੋਟ ਰਿਹਾ ਸਭ ਤੋਂ ਗਰਮ
ਓਧਰ, ਮੰਗਲਵਾਰ ਨੂੰ ਵੀ ਪੰਜਾਬ ’ਚ ਲੂ ਦੀ ਸਥਿਤੀ ਰਹੀ। ਲੁਧਿਆਣਾ ਤੇ ਅੰਮ੍ਰਿਤਸਰ ’ਚ ਦਿਨ ਵੇਲੇ ਲੂ ਚੱਲੀ। ਪੰਜਾਬ ’ਚ ਸਭ ਤੋਂ ਗਰਮ ਫ਼ਰੀਦਕੋਟ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਸੱਤ ਡਿਗਰੀ ਜ਼ਿਆਦਾ ਸੀ।
ਉੱਥੇ, ਲੁਧਿਆਣਾ ’ਚ 43.1 ਡਿਗਰੀ, ਪਠਾਨਕੋਟ ’ਚ 43.2 ਡਿਗਰੀ, ਗੁਰਦਾਸਪੁਰ ’ਚ 43.5 ਡਿਗਰੀ, ਅੰਮਿ੍ਰਤਸਰ ’ਚ 42.7 ਡਿਗਰੀ, ਬਠਿੰਡਾ ’ਚ 42.8 ਡਿਗਰੀ, ਚੰਡੀਗੜ੍ਹ ’ਚ 40 ਡਿਗਰੀ, ਪਟਿਆਲਾ ’ਚ 39.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।