ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸ਼ਹਿਰ ਦੀ ਤੂਰ ਪੱਤੀ ‘ਚ ਬੰਦ ਪਏ ਟੋਭੇ ਨੇੜੇ ਇਕ ਟਿਊਬਵੈੱਲ ਦੇ ਕਮਰੇ ਪਿੱਛੇ ਇਕ 19 ਸਾਲਾ ਨੌਜਵਾਨ ਬੇਹੋਸ਼ੀ ਦੀ ਹਾਲਤ ‘ਚ ਪਿਆ ਮਿਲਿਆ, ਜਿਸ ਦੀ ਬਾਅਦ ‘ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਿਤਾਉਣ ‘ਤੇ ਭਵਾਨੀਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਭਵਾਨੀਗੜ੍ਹ ਦੀ ਚਹਿਲਾਂ ਪੱਤੀ ਦੇ ਨਿਵਾਸੀ ਜਗਤਾਰ ਸਿੰਘ ਪੁੱਤਰ ਛੋਟਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਦੋ ਬੱਚਿਆਂ ਦਾ ਪਿਤਾ ਹੈ। ਉਸ ਦਾ ਛੋਟਾ ਲੜਕਾ ਗੁਰਜੀਤ ਸਿੰਘ ਉਰਫ਼ ਜਸ਼ਨ (19) ਜੋ 12ਵੀਂ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਪੜਾਈ ਦੇ ਨਾਲ ਨਾਲ ਏ.ਸੀ ਰਿਪੇਅਰ ਕਰਨ ਦਾ ਕੰਮ ਵੀ ਸਿੱਖ ਰਿਹਾ ਸੀ।
ਜਗਤਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਉਸ ਦਾ ਲੜਕਾ ਗੁਰਜੀਤ ਘਰੋਂ ਕੰਮ ‘ਤੇ ਜਾਣ ਬਾਰੇ ਕਹਿ ਕੇ ਗਿਆ ਸੀ ਪਰੰਤੂ ਬਾਅਦ ਦੁਪਹਿਰ ਤੱਕ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਅਸੀਂ ਕਈ ਵਾਰ ਉਸਨੂੰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਇਸੇ ਦੌਰਾਨ ਬਾਅਦ ਦੁਪਹਿਰ 4 ਵਜੇ ਦੇ ਕਰੀਬ ਕਿਸੇ ਵਿਅਕਤੀ ਨੇ ਉਸਦਾ ਫੋਨ ਚੁੱਕਿਆ ‘ਤੇ ਸਾਨੂੰ ਦੱਸਿਆ ਕਿ ਉਸ ਦਾ ਲੜਕਾ ਗੁਰਜੀਤ ਸਿੰਘ ਇੱਥੇ ਤੂਰ ਪੱਤੀ ਨੂੰ ਜਾਂਦੀ ਸੜਕ ‘ਤੇ ਬੰਦ ਪਏ ਟੋਬੇ ਕੋਲ ਬਣੇ ਟਿਊਬਵੈੱਲ ਦੇ ਕਮਰੇ ਪਿੱਛੇ ਪਿਆ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਤੇ ਹੋਰਨਾਂ ਲੋਕਾਂ ਸਮੇਤ ਮੌਕੇ ‘ਤੇ ਗਏ ਤਾਂ ਦੇਖਿਆ ਕਿ ਗੁਰਜੀਤ ਸਿੰਘ ਬੇਹੋਸ਼ੀ ਦੀ ਹਾਲਤ ‘ਚ ਡਿੱਗਾ ਪਿਆ ਸੀ ਜਿਸ ਨੂੰ ਤੁਰੰਤ ਪਹਿਲਾਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਤੇ ਫਿਰ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਨੇ ਗੁਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਗਤਾਰ ਸਿੰਘ ਨੇ ਸ਼ੱਕ ਜ਼ਾਹਿਰ ਕਰਦਿਆਂ ਪੁਲਿਸ ਨੂੰ ਦੱਸਿਆ ਕਿ ਅਣਪਛਾਤੇ ਵਿਅਕਤੀ ਉਸ ਦੇ ਲੜਕੇ ਗੁਰਜੀਤ ਸਿੰਘ ਨੂੰ ਕਤਲ ਕਰਕੇ ਟਿਊਬਵੈੱਲ ਦੇ ਕਮਰੇ ਪਿੱਛੇ ਸੁੱਟ ਗਏ। ਪੁਲਿਸ ਨੇ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਸਰੀਰ ‘ਤੇ ਕਿਸੇ ਸੱਟ ਚੋਟ ਦੇ ਨਿਸ਼ਾਨ ਨਹੀਂ : ਥਾਣਾ ਮੁਖੀ
ਓਧਰ, ਸੰਪਰਕ ਕਰਨ ‘ਤੇ ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁੱਛੇ ਜਾਣ ‘ਤੇ ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ‘ਤੇ ਕਿਸੇ ਸੱਟ ਦੇ ਨਿਸ਼ਾਨ ਨਹੀਂ ਸਨ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ, ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਅਸਲ ਕਾਰਨ ਸਪੱਸ਼ਟ ਹੋ ਸਕਣਗੇ।