ਬਰਨਾਲਾ ਸ਼ਹਿਰ ਦੇ ਵਿਚ ਸਥਿਤ ਵੈਟਰਨਰੀ ਹਸਪਤਾਲ ਦੀ ਖੰਡਰ ਇਮਾਰਤ ਵਿਚ ਦੇਰ ਰਾਤ ਅਚਾਨਕ ਅੱਗ ਲੱਗ ਗਈ।
ਬਰਨਾਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਰਿਹਾਇਸ਼ੀ ਖੇਤਰ ਵਿਚ ਸਥਿਤ ਵੈਟਰਨਰੀ ਹਸਪਤਾਲ ਦੀ ਖੰਡਰ ਇਮਾਰਤ ਵਿਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਜਿਸ ਕਰਕੇ ਇਲਾਕਾ ਨਿਵਾਸੀਆਂ ਵਿੱਚ ਭਾਜੜ ਪੈ ਗਈ। ਫਾਇਰ ਬ੍ਰਿਗੇਡ ਵਿਭਾਗ ਨੇ ਬੜੀ ਮੁਸਤੈਦੀ ਨਾਲ ਅੱਗ ‘ਤੇ ਕਾਬੂ ਪਾਇਆ।
ਲੋਕਾਂ ਅਨੁਸਾਰ ਇਸ ਖੰਡਰ ਵਾਲੀ ਇਮਾਰਤ ਵਿੱਚ ਲੋਕ ਦੂਰੋਂ-ਦੂਰੋਂ ਕੂੜੇ ਦੇ ਢੇਰ ਸੁੱਟ ਦਿੰਦੇ ਹਨ ਅਤੇ ਇਹ ਨਸ਼ਿਆਂ ਦਾ ਅੱਡਾ ਵੀ ਬਣ ਚੁੱਕਾ ਹੈ। ਪੰਜਾਬ ਸਰਕਾਰ ਅਤੇ ਨਗਰ ਕੌਂਸਲ ਉਪਰ ਇਸ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਏ। ਇਸ ਸਮੱਸਿਆ ਦਾ ਹੱਲ ਨਾ ਹੋਣ ‘ਤੇ ਸੰਘਰਸ਼ ਦੀ ਚੇਤਾਵਨੀ ਮੁਹੱਲਾ ਵਾਸੀਆਂ ਨੇ ਦਿੱਤੀ ਹੈ।
ਪੰਜਾਬ ਸਰਕਾਰ ਨੇ ਬਣਾਇਆ ਸੀ ਮੁਹੱਲਾ ਕਲੀਨਿਕ
ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦਾ ਇਹ ਬਹੁਤ ਹੀ ਵੱਡਾ ਅਤੇ ਪੁਰਾਣਾ ਜਨਤਕ ਮਸਲਾ ਹੈ। ਜਿਸ ਕਾਰਨ ਬਰਨਾਲਾ ਦੇ ਵਾਰਡ ਨੰ: 9 ਵਿੱਚ ਇਹ ਵੈਟਰਨਰੀ ਹਸਪਤਾਲ ਕੁਝ ਦਿਨਾਂ ਵਿੱਚ ਹੀ ਖੰਡਰ ਬਣ ਚੁੱਕਾ ਹੈ।
ਪੰਜਾਬ ਸਰਕਾਰ ਨੇ ਇੱਕ ਮੁਹੱਲਾ ਕਲੀਨਿਕ ਵੀ ਬਣਾਇਆ ਸੀ, ਪਰ ਇਸ ਖੰਡਰ ਵਾਲੀ ਇਮਾਰਤ ਦਾ ਕੁਝ ਹਿੱਸਾ ਗੰਦਗੀ ਦੇ ਢੇਰ ਬਣ ਗਿਆ ਹੈ । ਇਸ ਦੀਆਂ ਟੁੱਟੀਆਂ ਖਿੜਕੀਆਂ ਰਾਹੀਂ ਲੋਕ ਇਸ ਵਿੱਚ ਗੰਦਗੀ ਦੇ ਢੇਰ ਸੁੱਟਦੇ ਹਨ।
ਚੋਰ ਵੀ ਇੱਥੇ ਪਨਾਹ ਲੈਂਦੇ ਹਨ। ਇਹ ਜਗ੍ਹਾ ਨਸ਼ੇੜੀਆਂ ਦਾ ਵੀ ਅੱਡਾ ਬਣ ਗਈ ਹੈ ਅਤੇ ਕਈ ਇਤਰਾਜ਼ਯੋਗ ਹਰਕਤਾਂ ਵੀ ਕੀਤੀਆਂ ਜਾਂਦੀਆਂ ਹਨ।
ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਉਹਨਾਂ ਕਿਹਾ ਕਿ ਜਿਸ ਬਾਰੇ ਵਾਰਡ ਵਾਸੀਆਂ ਨੇ ਕਈ ਵਾਰ ਪ੍ਰਸ਼ਾਸਨ, ਸਰਕਾਰ ਅਤੇ ਨਗਰ ਕੌਂਸਲ ਨੂੰ ਜਾਣੂ ਕਰਵਾਇਆ ਹੈ, ਪਰ ਹਰ ਕੋਈ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਹਨਾਂ ਕਿਹਾ ਕਿ ਅੱਜ ਦੀ ਅੱਗ ਉਪਰ ਮੁਹੱਲਾ ਵਾਸੀਆਂ ਅਤੇ ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ।
ਮੁਹੱਲਾ ਨਿਵਾਸੀ ਪੁਨੀਤ ਜੈਨ ਅਤੇ ਭੂਸ਼ਨ ਸਿੰਗਲਾ ਨੇ ਦੱਸਿਆ ਕਿ ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਸਾਸਨ ਤੁਰੰਤ ਇਸ ਸਮੱਸਿਆ ਦਾ ਹੱਲ ਕਰਕੇ ਇਸ ਨੂੰ ਸਾਫ ਕਰਾਵੇ। ਜੇਕਰ ਇਸ ਗੰਦਗੀ ਦੇ ਢੇਰ ਨੂੰ ਇੱਥੋਂ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।