ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੇ਼ਦਰ ਸਰਕਾਰ ਨੂੰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿਚੋਂ ਆਪਣਾ ਅਪਰਾਧਿਕ ਨੈਟਵਰਕ ਚਲਾਉਣ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੇ਼ਦਰ ਸਰਕਾਰ ਨੂੰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿਚੋਂ ਆਪਣਾ ਅਪਰਾਧਿਕ ਨੈਟਵਰਕ ਚਲਾਉਣ ਅਤੇ ਗੁਜਰਾਤ ਦੀ ਜੇਲ੍ਹ ਵਿਚੋਂ ਪਾਕਿਸਤਾਨ ਦੇ ਗੈਂਗਸਟਰ ਸ਼ਾਹਜ਼ਾਦ ਭੱਟੀ ਨੂੰ ਵੀਡੀਓ ਕਾਲ ਕਰ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਰੈਂਸ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੋਵੇ।
ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੀਆਂ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਗੈਂਗਸਟਰ ਭਾਵੇਂ ਦਿੱਲੀ, ਪੰਜਾਬ ਜਾਂ ਗੁਜਰਾਤ ਦੀ ਕਿਸੇ ਵੀ ਜੇਲ੍ਹ ਵਿਚ ਰਹੇ, ਉਹ ਬਿਨਾਂ ਡਰ ਭੈਅ ਦੇ ਆਪਣਾ ਰਾਜ ਚਲਾਉਂਦਾ ਹੈ। ਇਸਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ ਤੇ ਕੇਂਦਰ ਸਰਕਾਰ ਨੂੰ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਾਰੰਸ ਨੇ ਦਿੱਲੀ ਦੀ ਤਿਹਾੜ ਜੇਲ੍ਹ ਜੋ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੰਟਰੋਲ ਅਧੀਨ ਹੈ, ਵਿਚ ਬਹਿ ਕੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰਵਾਇਆ।
ਉਹਨਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਵਿਚ ਅਤਿ ਆਧੁਨਿਕ ਹਥਿਆਰਾਂ ਦੀ ਵਰਤੋਂ ਹੋਈ ਜੋ ਸਿਰਫ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹੀ ਮੰਗਵਾਏ ਗਏ ਹੋਣਗੇ।
ਉਹਨਾਂ ਕਿਹਾ ਕਿ ਗੈਂਗਸਟਰ ਨੇ ਜੇਲ੍ਹ ਵਿਚੋਂ ਇਕ ਪ੍ਰਸਿੱਧ ਪੱਤਰਕਾਰ ਨੂੰ ਦਿੱਤੀ ਇੰਟਰਵਿਊ ਵਿਚ ਖੁਦ ਮੰਨਿਆ ਹੈ ਕਿ ਮੂਸੇਵਾਲਾ ਦਾ ਕਤਲ ਉਸ ਨੇ ਕਰਵਾਇਆ ਤੇ ਜਦੋਂ ਪੰਜਾਬ ਪੁਲਿਸ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇੰਟਰਵਿਊ ਸੂਬੇ ਦੀ ਜੇਲ੍ਹ ਵਿਚੋਂ ਹੋਈ ਹੈ ਤਾਂ ਉਸ ਨੇ ਆਪਣਾ ਪੱਖ ਰੱਖਣ ਲਈ ਉਹਨਾਂ ਹੀ ਕੱਪੜਿਆਂ ਵਿਚ ਦੂਜੀ ਇੰਟਰਵਿਊ ਦੇ ਦਿੱਤੀ।
ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਪਟੀਸ਼ਨ ਦਾਇਰ ਹੋਣ ਮਗਰੋਂ ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਸੀ ਪਰ ਉਸਦਾ ਹੁਣ ਤੱਕ ਜ਼ੀਰੋ ਰਿਜ਼ਲਟ ਰਿਹਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿਚੋਂ ਆਪਣੀਆਂ ਅਪਰਾਧਿਕ ਸਰਗਰਮੀਆਂ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ ਪਤਾ ਉਦੋਂ ਵੀ ਲੱਗਾ ਜਦੋਂ ਗੈਂਗਸਟਰ ਦੇ ਗੁਰਗਿਆਂ ਨੇ ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਦੇ ਘਰ ’ਤੇ ਹਮਲਾ ਕਰ ਦਿੱਤਾ। ਲਾਰੰਸ ਬਿਸ਼ਨੋਈ ਲਗਾਤਾਰ ਸਲਮਾਨ ਖਾਨ ਨੂੰ ਧਮਕੀਆਂ ਦੇ ਰਿਹਾ ਹੈ ਤੇ ਉਸਨੇ ਉਸ ’ਤੇ ਅਣਗਿਣਤ ਹਮਲੇ ਕਰਵਾਉਣ ਦੀ ਯੋਜਨਾ ਘੜੀ ਹੈ।
ਉਹਨਾਂ ਕਿਹਾ ਕਿ ਹਾਲ ਹੀ ਵਿਚ ਲਾਰੈਂਸ ਨੇ ਗੁਜਰਾਤ ਜੇਲ੍ਹ ਵਿਚੋਂ ਪਾਕਿਸਤਾਨ ਦੇ ਗੈਂਗਸਟਰ ਸ਼ਾਹਜ਼ਾਦ ਭੱਟੀ ਨੂੰ ਵੀਡੀਓ ਕਾਲ ਕੀਤੀ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਪਾਕਿਸਤਾਨ ਵਿਚ ਦੇਸ਼ ਵਿਰੋਧੀ ਅਨਸਰਾਂ ਦੇ ਸਰਗਰਮ ਸੰਪਰਕ ਵਿਚ ਹੈ।
ਲਾਰੰਸ ਬਿਸ਼ਨੋਈ ਡਰੋਨ ਜਾਂ ਹੋਰ ਸਾਧਨਾਂ ਜ਼ਰੀਏ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਸਮਰਥ ਹੈ ਤੇ ਇਹਨਾਂ ਨੂੰ ਆਪਣਾ ਅਪਰਾਧਿਕ ਸਾਮਰਾਜ ਵਧਾਉਣ ਲਈ ਵਰਤਦਾ ਹੈ। ਇਹ ਕੌਮੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ ਤੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।
ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਗਂਗਸਟਰਾਂ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿਚੋਂ 43000 ਵਾਰ ਫੋਨ ਕਾਲ ਕੀਤੇ ਜਾਣ ਦੀ ਕੇਂਦਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਾਲ ਖੁਦ ਇਹ ਜਾਣਕਾਰੀ ਹਾਈ ਕੋਰਟ ਨੂੰ ਦੇਣ ਲਈ ਮਜਬੂਰ ਹੋਈ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਜਾਬ ਵਿਚ ਗੈਂਗਸਟਰਾਂ ਵੱਲੋਂ ਜੇਲ੍ਹਾਂ ਦੀ ਵਰਤੋਂ ਲੈਂਡ ਡਵੈਲਪਰਾਂ, ਵਪਾਰੀਆਂ ਤੇ ਪ੍ਰੋਫੈਸ਼ਨਲ ਲੋਕਾਂ ਕੋਲੋਂ ਫਿਰੌਤੀ ਲੈਣ ਲਈ ਕੀਤੀ ਜਾਂਦੀ ਹੈ ਪਰ ਆਪ ਸਰਕਾਰ ਨੇ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਵੀ ਜੇਲ੍ਹ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸਿਰਫ ਡੂੰਘਾਈ ਨਾਲ ਕੀਤੀ ਜਾਂਚ ਹੀ ਗੈਂਗਸਟਰ-ਜੇਲ੍ਹ ਅਧਿਕਾਰੀਆਂ ਦਰਮਿਆਨ ਗੰਢਤੁਪ ਨੂੰ ਬੇਨਕਾਬ ਕਰ ਸਕਦੀ ਹੈ।