ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਸੀ ਮੁੱਦਾ
ਅਰਮੀਨੀਆ ‘ਚ ਫਸੇ ਭਾਰਤੀ ਨੌਜਵਾਨਾਂ (Indian Youths) ਦੀ ਵਾਇਰਲ ਵੀਡੀਓ (Viral Video) ਤੋਂ ਬਾਅਦ ਭਾਰਤੀ ਦੂਤਘਰ (Indian Embassy) ਨੇ ਉਨ੍ਹਾਂ ਤਕ ਪਹੁੰਚ ਕਰ ਲਈ ਹੈ ਤੇ ਉਨ੍ਹਾਂ ਨਾਲ ਜੇਲ੍ਹ ‘ਚ ਮੁਲਾਕਾਤ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਏ ‘ਤੇ ਇਕ ਵੀਡਿਓ ਪਾਈ ਗਈ ਸੀ ਜਿਸ ਵਿਚ ਉਨ੍ਹਾਂ ਆਪਣੇ ਆਪ ਨੂੰ ਅਰਮੀਨੀਆ ਦੀ ਅਰਮਾਵੀਰ ਜੇਲ੍ਹ ‘ਚ ਦੱਸਿਆ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ‘ਤੇ ਇਸ ਵੀਡਿਓ ਨੂੰ ਦੇਖਿਆ ਤਾਂ ਉਨ੍ਹਾਂ ਤੁਰੰਤ ਇਸ ਸੰਬੰਧੀ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਵਿਦੇਸ਼ ਮੰਤਰਾਲੇ ਵੱਲੋਂ ਆਈ ਈ-ਮੇਲ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਯੇਰੇਵਨ ਵਿਚ ਭਾਰਤੀ ਦੂਤਾਵਾਸ ਦੇ ਕੌਂਸਲਰ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜੇਲ੍ਹ ਵਿਚ 12 ਦੇ ਕਰੀਬ ਭਾਰਤੀ ਨੌਜਵਾਨ ਬੰਦ ਹਨ, ਜਿਹੜੇ ਕਿ ਫਰਵਰੀ ਮਾਰਚ 2024 ਦੇ ਮਹੀਨਿਆਂ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਅਰਮੀਨੀਆ-ਜਾਰਜੀਆ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਉੱਥੇ ਦੇ ਸੁਰੱਖਿਆ ਬਲ ਵੱਲੋਂ ਫੜੇ ਗਏ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿਰੁੱਧ ਉੱਥੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਬੇਹਤਰ ਭਵਿੱਖ ਲਈ ਯੂਰਪ ਜਾਣਾ ਸੀ। ਟਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਡੋਂਕੀ ਰਾਹੀ ਅਰਮੀਨੀਆ-ਜਾਰਜੀਆ ਰਾਹੀ ਸਰਹੱਦ ਪਾਰ ਕਰਾਉਣੀ ਸੀ, ਪਰ ਬਦਕਿਸਮਤੀ ਨਾਲ ਇਹ ਨੌਜਵਾਨ ਉੱਥੇ ਫੜ੍ਹੇ ਗਏ। ਅਰਮੀਨੀਆ ਵਿਚ ਫਸੇ ਨੌਜਵਾਨਾਂ ਦੀ ਵੀਡਿਓ ਸੰਤ ਸੀਚੇਵਾਲ ਵੱਲੋਂ ਆਪਣੀ ਫੇਸਬੁੱਕ ‘ਤੇ ਸਾਂਝੀ ਕਰਨ ਨਾਲ 2 ਪਰਿਵਾਰਾਂ ਨੇ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ, ਜਿਨ੍ਹਾਂ ਦੇ ਬੱਚੇ ਉੱਥੇ ਫਸੇ ਹੋਏ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਹੈ ਤੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨਸ਼ੀਲ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਤੋਂ ਚੌਕਸ ਰਹਿਣ ਤੇ ਆਪਣੀ ਜ਼ਿੰਦਗੀ ਨੂੰ ਖਤਰਿਆਂ ਵਿਚ ਨਾ ਪਾਉਣ। ਜੇਲ੍ਹ ਵਿੱਚ ਬੰਦ ਇਨ੍ਹਾਂ ਨੌਜਵਾਨਾਂ ਨੂੰ ਖਾਣੇ ਦੀ ਸਮੱਸਿਆ ਆ ਰਹੀ ਸੀ ਜਿਸ ਬਾਰੇ ਭਾਰਤੀ ਦੂਤਾਵਾਸ ਨੇ ਅਰਮੀਨੀਆ ਦੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਦਿੱਤਾ ਹੈ। ਮੰਤਰਾਲਾ ਤੇ ਭਾਰਤੀ ਦੂਤਾਵਾਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ।