ਪਰਿਵਾਰ ਨੂੰ ਲੱਗਿਆ 3 ਮਹੀਨੇ ਮਗਰੋਂ ਪਤਾ
ਰੂਸ ਦੀ ਫੌਜ ‘ਚ ਭਰਤੀ ਨੌਜਵਾਨ ਤੇਜਪਾਲ ਸਿੰਘ ਦੀ ਰੂਸ ਅਤੇ ਯੂਕਰੇਨ ਵਿਚਾਲੇ ਹੋ ਰਹੀ ਜੰਗ ਦੌਰਾਨ ਮੌਤ ਹੋ ਗਈ। ਇਹ ਦੱਸਿਆ ਜਾ ਰਿਹਾ ਕਿ ਤੇਜਪਾਲ ਸਿੰਘ ਦੀ ਮੌਤ 12 ਮਾਰਚ 2024 ਨੂੰ ਹੋਈ ਹੈ।
ਜਦਕਿ ਪਰਿਵਾਰ ਨੂੰ ਪਿਛਲੇ ਤਿੰਨ ਦਿਨ ਪਹਿਲਾਂ ਹੀ ਇਸਦੀ ਜਾਣਕਾਰੀ ਮਿਲੀ। ਇਸ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜਪਾਲ ਸਿੰਘ ਰੂਸ ਦੀ ਫੌਜ ਵਿੱਚ ਭਰਤੀ ਸੀ। ਰਸ਼ੀਆ ‘ਚ ਜੋ ਭਾਰਤੀ ਇਨਵੈਸਟਰ ਨੇ ਉਹਨਾਂ ਦੇ ਨਾਲ ਸਰਕਾਰ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨਾਲ ਵੀ ਸਾਡੀ ਗੱਲ ਹੋ ਰਹੀ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਤੇਜਪਾਲ ਸਿੰਘ ਦੀ ਲਾਸ਼ ਮਿਲ ਜਾਵੇ ਤਾਂ ਜੋ ਪਰਿਵਾਰ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖ ਸਕੇ। ਇਸ ਦੇ ਨਾਲ ਹੀ ਧਾਲੀਵਾਲ ਨੇ ਬਿਆਨ ਦਿੱਤਾ ਕਿ ਰੂਸ ਦੀ ਸਰਕਾਰ ਤੋਂ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਹਮੇਸ਼ਾ ਹੀ ਪਰਿਵਾਰ ਨਾਲ ਖੜੀ ਰਹੇਗੀ ਅਤੇ ਮਾਲੀ ਸਹਾਇਤਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।