ਦੇਵ ਖਰੌੜ ਇਸ ਸਮੇਂ ਆਪਣੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਲੈ ਕੇ ਚਰਚਾ ਵਿੱਚ ਹਨ
ਪੰਜਾਬੀ ਸਿਨੇਮਾ ਵਿੱਚ ਐਕਸ਼ਨ ਹੀਰੋ ਵਜੋਂ ਕਾਫੀ ਸਥਾਪਿਤ ਹੋ ਚੁੱਕੇ ਹਨ ਅਦਾਕਾਰ ਦੇਵ ਖਰੌੜ, ਜੋ ਹੁਣ ਐਕਸਪੈਰੀਮੈਂਟਲ ਫਿਲਮਾਂ ਵੱਲ ਵੀ ਆਪਣਾ ਰੁਖ਼ ਕਰਦੇ ਨਜ਼ਰੀ ਆ ਰਹੇ ਹਨ ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਰਿਲੀਜ਼ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਜਿਸ ਵਿੱਚ ਬਿਲਕੁਲ ਅਲਹਦਾ ਅਵਤਾਰ ਵਿੱਚ ਵਿਖਾਈ ਦੇਣਗੇ ਇਹ ਬਿਹਤਰੀਨ ਅਦਾਕਾਰ।
‘ਤਰਨ ਜਗਪਾਲ ਫਿਲਮਜ਼’ ਅਤੇ ‘ਦਾਵਤ ਇੰਟਰਟੇਨਮੈਂਟ ਕੈਨੇਡਾ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਤਰਨਵੀਰ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ‘ਰੱਬ ਦਾ ਰੇਡੀਓ’ ਅਤੇ ‘ਦਾਣਾ ਪਾਣੀ’ ਜਿਹੀਆਂ ਅਰਥ-ਭਰਪੂਰ ਅਤੇ ਉਮਦਾ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਵਿੱਚ ਲੀਡ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ ਅਦਾਕਾਰ ਦੇਵ ਖਰੌੜ, ਜੋ ਐਕਸ਼ਨ ਹੀਰੋ ਦੀ ਬਣੀ ਮਿੱਥ ਨੂੰ ਵੀ ਤੋੜਦੇ ਨਜ਼ਰ ਆਉਣਗੇ।
ਸਾਲ 2015 ਵਿੱਚ ਰਿਲੀਜ਼ ਹੋਈ ਅਪਣੀ ਸ਼ੁਰੂਆਤੀ ਫਿਲਮ ‘ਰੁਪਿੰਦਰ ਗਾਂਧੀ’ ਤੋਂ ਲੈ ਕੇ ਆਪਣੀ ਹੁਣ ਤੱਕ ਦੀ ਹਰ ਫਿਲਮ ਚਾਹੇ ਉਹ ‘ਡਾਕੂਆਂ ਦਾ ਮੁੰਡਾ’ ਹੋਵੇ, ‘ਡੀਐਸਪੀ ਦੇਵ’, ‘ਬਲੈਕੀਆ’, ‘ਸ਼ਰੀਕ 2’, ‘ਬਲੈਕੀਆ 2’, ‘ਕਾਕਾ ਜੀ’, ‘ਮੋੜ’, ‘ਜਖ਼ਮੀ’ ਆਦਿ ਵਿੱਚ ਅਮੂਮਨ ਐਕਸ਼ਨ ਭੂਮਿਕਾਵਾਂ ਨੂੰ ਹੀ ਅੰਜ਼ਾਮ ਦਿੰਦੇ ਆ ਰਹੇ ਹਨ ਅਦਾਕਾਰ ਦੇਵ ਖਰੌੜ, ਜੋ ਉਕਤ ਫਿਲਮ ਵਿੱਚ ਪਹਿਲੀ ਵਾਰ ਲੀਕ ਤੋਂ ਹੱਟਵੇਂ ਅਤੇ ਅਜਿਹੇ ਗੰਭੀਰ ਅਤੇ ਸਾਦ ਮੁਰਾਦੇ ਇਨਸਾਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜੋ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜਨਾ ਪਸੰਦ ਕਰਦਾ ਹੈ।
ਉਕਤ ਫਿਲਮ ਦੇ ਨਿਰਦੇਸ਼ਕ ਤਰਨਵੀਰ ਜਗਪਾਲ ਅਨੁਸਾਰ ਦੇਵ ਖਰੌੜ ਅਜਿਹੇ ਬਾਕਮਾਲ ਸਿਨੇਮਾ ਐਕਟਰ ਹਨ, ਜੋ ਹਰ ਰੰਗ ਦੀ ਭੂਮਿਕਾ ਨੂੰ ਅੰਜ਼ਾਮ ਦੇਣ ਦੀ ਪੂਰਨ ਸਮਰੱਥਾ ਰੱਖਦੇ ਹਨ ਅਤੇ ਉਨ੍ਹਾਂ ਦੀ ਇਸ ਅਦਾਕਾਰੀ ਕੁਸ਼ਲਤਾ ਨੂੰ ਬਹੁਤ ਹੀ ਬਾਖੂਬੀ ਨਾਲ ਉਨ੍ਹਾਂ ਵੱਲੋਂ ਇਸਤੇਮਾਲ ਕੀਤਾ ਗਿਆ ਹੈ, ਜਿਸ ਦੌਰਾਨ ਬਹੁਤ ਹੀ ਮਿਹਨਤ ਨਾਲ ਅਪਣੇ ਇਸ ਰੋਲ ਨੂੰ ਨਿਭਾਇਆ ਗਿਆ ਹੈ ਉਨ੍ਹਾਂ ਵੱਲੋਂ, ਜਿੰਨ੍ਹਾਂ ਦਾ ਇਹ ਕਿਰਦਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਇੱਕ ਸਰਪ੍ਰਾਈਜ਼ ਵਾਂਗ ਹੋਵੇਗਾ।