ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਮਹਾਨਗਰ ਸਥਿਤ ਸੂਬੇ ਦੇ ਸਭ ਤੋਂ ਵੱਡੇ ਜੀਐੱਸਟੀ ਦਫਤਰ ਦੀ ਪੰਜਵੀਂ ਮੰਜ਼ਿਲ ’ਤੇ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਘਟਨਾ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਵੱਡੀ ਮਾਤਰਾ ’ਚ ਜੀਐੱਸਟੀ ਨਾਲ ਸਬੰਧਤ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜੀਐੱਸਟੀ ਭਵਨ ’ਚ ਤਾਇਨਾਤ ਮੁਲਾਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਮ ਵਾਂਗ ਕੰਮ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਕੁਝ ਸੜਨ ਦੀ ਤੇਜ਼ ਬਦਬੂ ਆਉਣ ਲੱਗੀ। ਕਰਮਚਾਰੀਆਂ ਨੂੰ ਤੁਰੰਤ ਪਾਸੇ ਕਰ ਦਿੱਤਾ ਗਿਆ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗ ਲੱਗਣ ਦਾ ਪਤਾ ਲੱਗਾ। ਇਸ ਤੋਂ ਬਾਅਦ ਪੂਰੀ ਮੰਜ਼ਿਲ ਖਾਲੀ ਕਰਵਾ ਲਈ ਗਈ। ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਤੁਰੰਤ ਬਾਹਰ ਕੱਢ ਲਏ ਗਏ। ਘਟਨਾ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਐੱਸਟੀ ਬਿਲਡਿੰਗ ’ਚ ਅੱਗ ਲੱਗਣ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਨਕੋਦਰ ਚੌਕ ਨੇੜੇ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਓਧਰ ਜੀਐੱਸਟੀ ਭਵਨ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਅੱਗ ਨਾਲ ਹੋਏ ਨੁਕਸਾਨ ਬਾਰੇ ਖ਼ੁਲਾਸਾ ਨਹੀਂ ਕੀਤਾ ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਨਾਲ ਰਿਕਾਰਡ ਰੂਮ ’ਚ ਪਿਆ ਕਈ ਸਾਲਾਂ ਦਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ।