ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੁਲਿਸ ਮੌਕੇ ’ਤੇ ਪੁੱਜ ਗਈ ਸੀ ਤੇ ਗਵਾਹੀ ਵੀ ਹੋ ਗਈ ਸੀ। ਇਸ ਦੇ ਬਾਵਜੂਦ ਪੁਲਿਸ ਨੇ 18 ਘੰਟੇ ਬਾਅਦ ਐੱਫਆਈਆਰ ਦਰਜ ਕੀਤੀ…
ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੂੰ ਖ਼ਾਲਿਸਤਾਨੀ ਕਹਿ ਕੇ ਉਸ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋ ਨੌਜਵਾਨਾਂ ਦੀ ਗਿ੍ਰਫ਼ਤਾਰੀ ’ਤੇ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੋਮਵਾਰ ਰਾਤ ਹੋਈ ਇਸ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਐੱਸਆਈਟੀ ਗਠਿਤ ਕੀਤੀ ਗਈ ਹੈ। ਪੁਲਿਸ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪੇ ਮਾਰ ਰਹੀ ਹੈ।
ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਪੀਸੀ) ਦੇ ਪ੍ਰਧਾਨ ਭੁਪਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਧਰਮ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਸਪਤਾਲ ਪੁੱਜੇ। ਉਨ੍ਹਾਂ ਨੇ ਜ਼ਖ਼ਮੀ ਸੁਖਵਿੰਦਰ ਸਿੰਘ ਦਾ ਹਾਲਚਾਲ ਜਾਣਿਆ। ਨਾਲ ਹੀ ਉਸ ਦੇ ਇਲਾਜ ਤੇ ਕੇਸ ਪੈਰਵੀ ਦਾ ਪੂਰਾ ਖ਼ਰਚ ਚੁੱਕਣ ਦਾ ਐਲਾਨ ਕੀਤਾ।
ਵਕੀਲ ਕਮੇਟੀ ਵੱਲੋਂ ਖੜ੍ਹਾ ਕੀਤਾ ਜਾਵੇਗਾ। ਦੂਜੇ ਪਾਸੇ ਘਟਨਾ ਸਮੇਂ ਮੌਕੇ ’ਤੇ ਪੁੱਜ ਕੇ ਸੁਖਵਿੰਦਰ ਦੀ ਜਾਨ ਬਚਾਉਣ ਵਾਲੇ ਰਾਜੂ ਢੁਲਪਾਈ ਨੂੰ ਗੁਰਦੁਆਰਾ ਮੰਜੀ ਸਾਹਿਬ ’ਚ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੇ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ।
ਪੁਲਿਸ ’ਤੇ ਉੱਠੇ ਸਵਾਲ : ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੁਲਿਸ ਮੌਕੇ ’ਤੇ ਪੁੱਜ ਗਈ ਸੀ ਤੇ ਗਵਾਹੀ ਵੀ ਹੋ ਗਈ ਸੀ। ਇਸ ਦੇ ਬਾਵਜੂਦ ਪੁਲਿਸ ਨੇ 18 ਘੰਟੇ ਬਾਅਦ ਐੱਫਆਈਆਰ ਦਰਜ ਕੀਤੀ।
ਇਹ ਵੀ ਸਵਾਲ ਦੇ ਘੇਰੇ ’ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਬਾਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ ਜਾਵੇਗਾ। ਜੇਕਰ ਇਸ ਮਾਮਲੇ ’ਚ ਤਸੱਲੀਬਖ਼ਸ਼ ਕਾਰਵਾਈ ਨਹੀਂ ਹੁੰਦੀ ਤਾਂ ਸਿੱਖ ਸਮਾਜ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਅੰਦੋਲਨ ਕਰੇਗਾ।