ਦਿੱਲੀ ਪੁਲਿਸ ਨੇ ਦੱਸਿਆ ਵਾਇਰਲ ਵੀਡੀਓ ਦਾ ਸੱਚ
ਐਤਵਾਰ ਸ਼ਾਮ ਨੂੰ ਰਾਸ਼ਟਰਪਤੀ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਕਈ ਲੋਕਾਂ ਨੇ ਦਾਅਵਾ ਕੀਤਾ ਕਿ ਜਦੋਂ ਜੇਡੀਐੱਸ ਦੇ ਸੰਸਦ ਮੈਂਬਰ ਐਚਡੀ ਕੁਮਾਰਸਵਾਮੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਸਨ ਤਾਂ ਰਾਸ਼ਟਰਪਤੀ ਭਵਨ ਦੀਆਂ ਪੌੜੀਆਂ ਤੋਂ ‘ਚੀਤੇ’ ਵਰਗਾ ਜਾਨਵਰ ਲੰਘਦਾ ਦੇਖਿਆ ਗਿਆ।
ਕਈ ਲੋਕਾਂ ਨੇ ਦਾਅਵਾ ਕੀਤਾ ਕਿ ‘ਰਹੱਸਮਈ’ ਜਾਨਵਰ ਚੀਤਾ ਸੀ। ਹਾਲਾਂਕਿ ਹੁਣ ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਤੇ ਸਪੱਸ਼ਟੀਕਰਨ ਦਿੱਤਾ ਹੈ।
ਦਰਅਸਲ, ਸਹੁੰ ਚੁੱਕ ਸਮਾਗਮ ਦੌਰਾਨ ਭਾਰਤ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਰਾਸ਼ਟਰਪਤੀ ਭਵਨ ਦੇ ਕੈਂਪਸ ਨੇੜੇ ਇਕ ਜਾਨਵਰ ਦੇ ਨਜ਼ਰ ਆਉਣ ਨੇ ਕਈ ਅਟਕਲਾਂ ਸ਼ੁਰੂ ਕਰ ਦਿੱਤੀਆਂ ਸਨ। ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਚੀਤਾ ਸੀ।
ਦਿੱਲੀ ਪੁਲਿਸ ਨੇ ਇਸ ‘ਰਹੱਸ’ ਤੋਂ ਪਰਦਾ ਉਠਾਉਂਦੇ ਹੋਏ ਕਿਹਾ, ‘ਕੁਝ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ ਹੈਂਡਲ ਕੱਲ੍ਹ (ਐਤਵਾਰ) ਰਾਸ਼ਟਰਪਤੀ ਭਵਨ ‘ਚ ਹੋਏ ਸਹੁੰ ਚੁੱਕ ਸਮਾਗਮ ਦੇ ਲਾਈਵ ਟੈਲੀਕਾਸਟ ਦੌਰਾਨ ਜਾਨਵਰ ਦੀ ਤਸਵੀਰ ਦਿਖਾ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੰਗਲੀ ਜਾਨਵਰ ਹੈ।’ ਕਿਰਪਾ ਕਰਕੇ ਅਜਿਹੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ। ਪੁਲਿਸ ਨੇ ਆਖਿਆ ਹੈ ਕਿ ਇਹ ਇਕ ਆਮ ਬਿੱਲੀ ਹੋ ਸਕਦੀ ਹੈ।
ਇਸ ਦੌਰਾਨ ਸਮਾਚਾਰ ਏਜੰਸੀ ਪੀਟੀਆਈ ਨੇ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਭਵਨ ਕੰਪਲੈਕਸ ਦੇ ਅੰਦਰ ਸਿਰਫ਼ ਕੁੱਤੇ ਅਤੇ ‘ਘਰੇਲੂ’ ਬਿੱਲੀਆਂ ਹਨ। ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਪੀਟੀਆਈ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਚੀਤੇ ਦੇ ਨਜ਼ਰ ਆਉਣ ਦੀ ਪਹਿਲਾਂ ਕੋਈ ਰਿਪੋਰਟ ਨਹੀਂ ਹੈ ਅਤੇ ਇਸ ਲਈ ਇਹ ਸਾਰੀਆਂ ਅਟਕਲਾਂ ਬੇਬੁਨਿਆਦ ਹਨ।