ਲੁਧਿਆਣਾ ਵਿੱਚ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ
ਪੰਜਾਬ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਤੱਪਦੀ ਗਰਮੀ ਕਰਕੇ ਲੋਕ ਪਰੇਸ਼ਾਨ ਹਨ ਅਤੇ ਟੈਂਪਰੇਚਰ ਮੁੜ ਤੋਂ 42 ਡਿਗਰੀ ਤੱਕ ਪਹੁੰਚ ਗਏ ਹਨ। ਮੌਸਮ ਵਿਭਾਗ ਵੱਲੋਂ ਲਗਾਤਾਰ ਚੱਲ ਰਹੀਆਂ ਗਰਮ ਹਵਾਵਾਂ ਦੇ ਮੱਦੇਨਜ਼ਰ ਪੰਜਾਬ ਭਰ ਦੇ ਵਿੱਚ ਆਉਂਦੇ ਦੋ ਦਿਨ ਤੱਕ ਤੱਪਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਔਰੈਂਜ ਐਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਫਿਲਹਾਲ ਰਾਹਤ ਦੀ ਕੋਈ ਉਮੀਦ ਨਹੀਂ ਹੈ। ਆਉਣ ਵਾਲੇ ਦਿਨਾਂ ਅੰਦਰ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਵੀ ਟੈਂਪਰੇਚਰ ਜ਼ਿਆਦਾ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਮਈ ਮਹੀਨਾ ਅਤੇ ਜੂਨ ਦੇ ਪਹਿਲੇ ਦੋ ਹਫਤੇ ਪੂਰੀ ਤਰ੍ਹਾਂ ਸੁੱਕੀ ਗਰਮੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਮਈ ਅਤੇ ਜੂਨ ਮਹੀਨੇ ਦੇ ਵਿੱਚ ਚੰਗੀ ਬਾਰਿਸ਼ ਹੋਈ ਸੀ ਪਰ ਇਸ ਵਾਰ ਬਾਰਿਸ਼ ਦੇ ਕੋਈ ਆਸਾਰ ਨਹੀਂ ਹਨ। ਜਿਸ ਕਰਕੇ ਗਰਮੀ ਜਿਆਦਾ ਵੱਧ ਰਹੀ ਹੈ। ਹਾਲਾਂਕਿ ਉਹਨਾਂ ਕਿਹਾ ਕਿ ਅਜਿਹੀ ਗਰਮੀ ਮੌਨਸੂਨ ਚੰਗਾ ਰਹਿਣ ਲਈ ਕਾਫੀ ਲਾਹੇਵੰਦ ਹੈ, ਪਰ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਰੂਰ ਗਰਮੀ ਤੋਂ ਧਿਆਨ ਰੱਖਣ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।
ਕਿਸਾਨਾਂ ਨੂੰ ਖ਼ਾਸ ਸਲਾਹ: ਉੱਥੇ ਹੀ ਦੂਜੇ ਪਾਸੇ ਉਹਨਾਂ ਕਿਹਾ ਹੈ ਕਿ ਕਿਸਾਨ ਵੀ ਫਸਲਾਂ ਨੂੰ ਪਾਣੀ ਸਹੀ ਮਾਤਰਾ ਦੇ ਵਿੱਚ ਦਿੰਦੇ ਰਹਿਣ ਪਰ ਜ਼ਿਆਦਾ ਵੀ ਪਾਣੀ ਨਾ ਲਾਉਣ ਕਿਉਂਕਿ ਧਰਤੀ ਹੇਠਲੇ ਪਾਣੀ ਪਹਿਲਾਂ ਹੀ ਹੇਠਾਂ ਜਾ ਰਹੇ ਹਨ।
ਉਹਨਾਂ ਕਿਹਾ ਕਿ ਮੌਸਮ ਖੁਸ਼ਕ ਰਹਿਣ ਕਰਕੇ ਬਾਰਿਸ਼ ਨਹੀਂ ਹੋ ਰਹੀ ਅਤੇ ਝੋਨੇ ਦੇ ਸੀਜ਼ਨ ਦੇ ਕਰਕੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ। ਅਜਿਹੇ ਦੇ ਵਿੱਚ ਬਾਰਿਸ਼ ਨਾ ਪੈਣਾ ਧਰਤੀ ਹੇਠਲੇ ਪਾਣੀ ਦੀ ਹੋਰ ਵਰਤੋਂ ਵੱਲ ਇਸ਼ਾਰਾ ਕਰ ਰਿਹਾ ਹੈ।