ਅੰਮ੍ਰਿਤਸਰ ਵਿੱਚ ਸੀ.ਆਈ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।
ਸੀ.ਆਈ. ਅੰਮ੍ਰਿਤਸਰ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 7.5 ਕਿਲੋ ਹੈਰੋਇਨ, 16 ਜਿੰਦਾ ਕਾਰਤੂਸ ਅਤੇ 1 ਮੋਟਰ ਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਰਾਹੀਂ ਸਾਂਝੀ ਕੀਤੀ ਹੈ।
ਬੀਐੱਸਐੱਫ ਦਾ ਵੀ ਭਰਪੂਰ ਸਾਥ: ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼ਾਂ ਮੁਤਾਬਿਕ ਉਨ੍ਹਾਂ ਵੱਲੋਂ ਹੈਰੋਇਨ ਬਾਰਡਰ ਪਾਰ ਤੋਂ ਹੋ ਰਹੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਇਸ ਵਿੱਚ ਉਨ੍ਹਾਂ ਬੀਐੱਸਐੱਫ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ।
ਇਸ ਕਾਮਯਾਬੀ ਲਈ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦੇਰ ਰਾਤ ਫਿਰੋਜ਼ਪੁਰ ਦੀ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ‘ਤੇ ਪਿੰਡ ਗੱਟੀ ਮੱਟੜ ਦੇ ਇਲਾਕੇ ‘ਚ ਬੀ.ਐੱਸ.ਐੱਫ ਨੇ ਪਾਕਿਸਤਾਨ ਤੋਂ ਆਏ ਇਕ ਡਰੋਨ ਦੀ ਹਲਚਲ ਦੇਖੀ ਅਤੇ ਬੀਐੱਸਐੱਫ ਵੱਲੋਂ ਕਾਰਵਾਈ ਕਰਦਿਆਂ ਡਰੋਨ ਨੂੰ ਡੇਗ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਸੀ। ਇਸ ਦੌਰਾਨ 1 ਕਿਲੋ 630 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਬੀਐਸਐਫ ਨੇ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।