ਦੋ ਵਾਰ ਲਗਾਤਾਰ ਸਰਕਾਰ ਬਨਾਉਣ ਵਾਲਾ ਦਲ ਹਾਸ਼ੀਏ ’ਤੇ ਪੁੱਜਾ
ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਬੁਰੀ ਹਾਰ ਮਗਰੋਂ ਪਾਰਟੀ ਅੰਦਰ ਫਿਰ ਵਿਰੋਧ ਦੀ ਚੰਗਿਆੜੀ ਭਖ਼ਣ ਲੱਗੀ ਹੈ। ਪਾਰਟੀ ਦੇ ਦਸ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਪਾਰਟੀ ਉਮੀਦਵਾਰਾਂ ਦੇ ਜਿੱਤਣ ਦੀ ਗੱਲ ਤਾਂ ਦੂਰ ਬਲਕਿ ਦਸ ਚੌਥੇ ਸਥਾਨ ਅਤੇ ਇਕ ਪੰਜਵੇ ਸਥਾਨ ’ਤੇ ਪੁੱਜ ਗਿਆ ਹੈ। ਲਗਾਤਾਰ ਦੋ ਵਾਰ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਦਾ ਰਿਕਾਰਡ ਬਣਾਉਣ ਵਾਲਾ ਅਕਾਲੀ ਦਲ ਹਾਸ਼ੀਏ ’ਤੇ ਪੁੱਜ ਗਿਆ ਹੈ। ਜਿਸ ਕਰਕੇ ਵਿਰੋਧੀ ਸੁਰ ਫਿਰ ਉੱਭਰਨੇ ਸ਼ੁਰੂ ਹੋ ਗਏ ਹਨ।
ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਤਾਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਬਾਅਦ ਹੀ ਵਿਰੋਧ ਵਿਚ ਖੜੇ ਹੋ ਗਏ ਸਨ। ਢੀਂਡਸਾ ਦੇ ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਢੀਂਡਸਾ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ।
ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਬੁਰੀ ਤਰਾਂ ਚੋਣ ਹਾਰੇ ਪ੍ਰੋਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਨੇ ਵੀ ਪਾਰਟੀ ਦੀਆਂ ਨੀਤੀਆਂ ’ਤੇ ਸਵਾਲ ਚੁੱਕੇ ਹਨ। ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਰਟੀ ਦੀ ਕੋਈ ਨੀਤੀ ਨਾ ਹੋਣ ਕਰਕੇ ਅਜਿਹਾ ਹਸ਼ਰ ਹੋਇਆ ਹੈ। ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਲੋਕਾਂ ਨੂੰ ਇਹ ਸਮਝਾ ਨਹੀਂ ਸਕਿਆ ਕਿ ਉਹ ਕਿਸ ਗੱਡੀ ਵਿਚ ਸਵਾਰ ਹੋਣਗੇ। ਜਿਸ ਕਰਕੇ ਉਹ ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਚੰਦੂਮਾਜਰਾ ਅਨੁਸਾਰ ਅਕਾਲੀ ਦਲ ਦੀ ਮੌਜੂਦਾ ਸਥਿਤੀ ਬਾਰੇ ਡੂੰਘਾਂ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ ਤਾਂ ਹੀ ਕੋਈ ਰਾਹ ਲੱਭਿਆ ਜਾਵੇਗਾ।
ਤਾਜ਼ਾ ਨਤੀਜਿਆਂ ਅਨੁਸਾਰ ਅਕਾਲੀ ਦਲ ਨੇ ਸਿਰਫ ਬਠਿੰਡਾ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਜਦੋਂਕਿ 11 ਉਮੀਦਵਾਰ ਚੌਥੇ ਅਤੇ ਇਕ ਪੰਜਵੇਂ ਸਥਾਨ ‘ਤੇ ਰਿਹਾ ਹੈ।
ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਤਿੰਨ ਸੀਟਾਂ ਜਿੱਤੀਆਂ ਸਨ ਤਾਂ ਉਸ ਵਕਤ ਪਾਰਟੀ ਅੰਦਰ ਵੱਡਾ ਵਿਰੋਧ ਸ਼ੁਰੂ ਹੋ ਗਿਆ ਸੀ। ਪਾਰਟੀ ਨੇ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਇੱਕ ਕਮੇਟੀ ਗਠਿਤ ਕੀਤੀ ਜਿਸਨੇ ਕਰੀਬ ਸੌ ਹਲਕਿਆਂ ਵਿਚ ਪਾਰਟੀ ਲੀਡਰਸ਼ਿਪ, ਵਰਕਰਾਂ ਨਾਲ ਗੱਲਬਾਤ ਕਰਕੇ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਸੀ।
ਰਿਪੋਰਟ ਵਿਚ ਪੂਰਾ ਢਾਂਚਾ ਹੇਠਾਂ ਤੋਂ ਉੱਪਰ ਤੱਕ ਬਦਲਣ ਦੀ ਸਿਫਾਰਸ਼ ਕੀਤੀ ਗਈ ਸੀ। ਦਲ ਦੇ ਪ੍ਰਧਾਨ ਨੇ ਜਥੇਬੰੰਦਕ ਢਾਂਚਾ ਇਕ ਵਾਰ ਭੰਗ ਕਰ ਦਿੱਤਾ ਪਰ ਹੌਲੀ ਹੌਲੀ ਫਿਰ ਉਹੀ ਪੁਰਾਣੇ ਆਗੂਆਂ ਨੂੰ ਸਰਦਾਰੀਆਂ ਦੇ ਦਿੱਤੀਆਂ ਗਈਆਂ। ਦਿਲਚਸਪ ਗੱਲ ਹੈ ਕਿ ਕਮੇਟੀ ਦੇ ਮੁਖੀ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਇਸ ਵਾਰ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਪਰ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਹਾਲਾਂਕਿ ਸੰਗਰੂਰ ਜਿਲ੍ਹੇ ਵਿਚ ਵੱਡਾ ਅਧਾਰ ਰੱਖਣ ਵਾਲੇ ਢੀਂਡਸਾ ਪਰਿਵਾਰ ਨੇ ਵੋਟਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਅਕਾਲੀ ਦਲ ਵਿਚ ਰਲੇਵਾਂ ਕਰ ਲਿਆ ਸੀ ਪਰ ਉਨਾਂ ਦੇ ਬੇਟੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਸਭਾ ਹਲਕੇ ਤੋਂ ਟਿਕਟ ਨਾ ਦਿੱਤੀ ਗਈ, ਜਿਸ ਕਰਕੇ ਉਹ ਖਫ਼ਾ ਹੋ ਗਏ। ਢੀਂਡਸਾ ਦੀ ਨਾਰਾਜ਼ਗੀ ਦਾ ਅਸਰ ਸੰਗਰੂਰ ਸੀਟ ’ਤੇ ਵੀ ਦੇਖਣ ਨੂੰ ਮਿਲਿਆ।
ਦੂਜੇ ਪਾਸੇ ਸੁਖਬੀਰ ਬਾਦਲ ਨੇ ਪੱਟੀ ਦੇ ਸਾਬਕਾ ਵਿਧਾਇਕ ਅਤੇ ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋ ਕੱਢ ਦਿੱਤਾ। ਪਾਰਟੀ ਨੇ ਕੈਰੋ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਅਤੇ ਪੱਖ ਸੁਣੇ ਬਗੈਰ ਪਾਰਟੀ ਵਿਚੋਂ ਬਰਖ਼ਾਸਤ ਕਰ ਦਿੱਤਾ। ਢੀਂਡਸਾ ਤੇ ਹੋਰਨਾਂ ਆਗੂਆਂ ਨੇ ਇਸ ਫੈਸਲੇ ਦਾ ਬੁਰਾ ਮਨਾਇਆ। ਇਸਦੇ ਬਾਅਦ ਹੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਅਸਤੀਫ਼ਾ ਦਾ ਦਿੱਤਾ।
ਅਗਲੇ ਦਿਨਾਂ ‘ਚ ਤੇਜ਼ ਹੋ ਸਕਦੀਆਂ ਨੇ ਵਿਰੋਧੀ ਸੁਰਾਂ
ਸੂਤਰਾਂ ਮੁਤਾਬਕ ਵੀਰਵਾਰ 6 ਜੂਨ ਨੂੰ ਘੱਲੂਘਾਰਾ ਦਿਵਸ ਹੋਣ ਕਰਕੇ ਅਕਾਲੀ ਲੀਡਰਸ਼ਿਪ ਅਜੇ ਚੁੱਪ ਹੈ ਅਤੇ ਆਗਾਮੀ ਦਿਨਾਂ ਵਿਚ ਪਾਰਟੀ ਵਿਚ ਵਿਰੋਧ ਦੀਆਂ ਸੁਰਾਂ ਹੋਰ ਤੇਜ਼ੀ ਨਾਲ ਉਠਣ ਦੀਆਂ ਸੰਭਾਵਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਕਾਲੀ ਦਲ ਦੇ ਅੰਦਰ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਸਾਂਤੀ ਬਣੀ ਹੋਈ ਹੈ।