ਚੋਣ ਨਾ-ਸਿਰਫ਼ ਬਾਦਲ ਪਰਿਵਾਰ ਬਲਕਿ ਅਕਾਲੀ ਦਲ (ਬ) ਦੀ ਹੋਂਦ ਬਚਾਉਣ ਦਾ ਵੀ ਸਵਾਲ ਹੈ।
ਅਕਾਲੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ-ਹਾਜ਼ਰੀ ਵਿਚ ਸੂਬੇ ਵਿਚ ਅਕਾਲੀ ਦਲ (ਬਾਦਲ) ਪਹਿਲੀ ਲੋਕ ਸਭਾ ਚੋਣ ਰਿਹਾ ਹੈ। ਇਹ ਚੋਣ ਨਾ-ਸਿਰਫ਼ ਬਾਦਲ ਪਰਿਵਾਰ ਬਲਕਿ ਅਕਾਲੀ ਦਲ (ਬ) ਦੀ ਹੋਂਦ ਬਚਾਉਣ ਦਾ ਵੀ ਸਵਾਲ ਹੈ। ਵਰ੍ਹਾ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਪੰਜਾਬ ਦੀ ਸੱਤਾ ਦੇ ਹਾਸ਼ੀਏ ’ਤੇ ਗਈ ਪਾਰਟੀ ਨੇ ਤਾਂ ਆਪਣਾ ਵਜੂਦ ਬਹਾਲ ਕਰਨ ਲਈ ਯਤਨ ਕਰਨੇ ਹੀ ਹਨ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਸੁਖਬੀਰ ਬਾਦਲ ’ਤੇ ਹੈ, ਜਿਨ੍ਹਾਂ ਨੇ ਆਪਣੀ ਪਤਨੀ ਹਰਸਿਮਰਤ ਬਾਦਲ ਦੀ ਸੀਟ ਵੀ ਬਚਾਉਣੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਖ਼ੁਦ ਸੁਖਬੀਰ ਬਾਦਲ ਜੋ ਕਿ ਪਿਛਲੀ ਵਾਰ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸਨ, ਇਸ ਵਾਰ ਚੋਣ ਨਹੀਂ ਲੜ ਰਹੇ ਹਨ। ਹਰ ਸੀਟ ’ਤੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਹ ਪ੍ਰਚਾਰ ਕਰ ਰਹੇ ਹਨ। ਪੰਜਾਬ ਵਿਚ ਅਕਾਲੀ ਦਲ ਜੇਕਰ ਕਿਤੇ ਲੜਾਈ ਲੜਦਾ ਨਜ਼ਰ ਆ ਰਿਹਾ ਹੈ ਤਾਂ ਉਹ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਹਨ।
ਹਰਸਿਮਰਤ ਕੌਰ ਆਪਣੇ ਹਰ ਭਾਸ਼ਣ ਵਿਚ ਮਰਹੂਮ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਖੇਤਰ ਵਿਚ ਕੀਤੇ ਕੰਮਾਂ ਨੂੰ ਯਾਦ ਕਰਵਾਉਂਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਦਲੀਲਾਂ ਦੀ ਕਾਟ ਉਨ੍ਹਾਂ ਦੇ ਵਿਰੋਧੀਆਂ ਕੋਲ ਨਹੀਂ ਹੈ। ਉਹ ਲੋਕਾਂ ਨੂੰ ਬਠਿੰਡਾ ਵਿਚ ਬਣਾਏ ਗਏ ਏਮਜ਼, ਕੇਂਦਰੀ ਯੂਨੀਵਰਸਿਟੀ ਤੇ ਇਸੇ ਤਰ੍ਹਾਂ ਦੇ ਹੋਰ ਕਈ ਕੰਮਾਂ ਦੀ ਯਾਦ ਕਰਵਾਉਂਦੀ ਹੈ। ਬਠਿੰਡਾ ਦੇ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਲੋਕਾਂ ਨੇ ਕੰਮ ਦੇ ਆਧਾਰ ’ਤੇ ਵੋਟਾਂ ਪਾਈਆਂ ਤਾਂ ਉਨ੍ਹਾਂ ਕੋਲ ਬਾਦਲ ਪਰਿਵਾਰ ਦੀ ਅਣਦੇਖੀ ਕਰਨਾ ਔਖਾ ਹੋਵੇਗਾ। ਜਿਨ੍ਹਾਂ ਪ੍ਰਾਜੈਕਟਾਂ ਬਾਰੇ ਹਰਸਿਮਰਤ ਲੋਕਾਂ ਨੂੰ ਦੱਸ ਰਹੇ ਹਨ, ਉਹ ਪੂਰੇ ਇਸ ਕਰ ਕੇ ਹੋ ਸਕੇ ਹਨ ਕਿਉਂਜੋ ਹਰਸਿਮਰਤ ਕੌਰ ਕੇਂਦਰ ਵਿਚ ਲੰਮਾ ਸਮਾਂ ਮੰਤਰੀ ਰਹੇ ਹਨ। ਹਰਸਿਮਰਤ ਕੌਰ ਸਭ ਤੋਂ ਪਹਿਲਾਂ 2009 ਵਿਚ ਉਸ ਸਮੇਂ ਜਿੱਤੇ ਸਨ, ਜਦੋਂ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਉਦੋਂ ਤੋਂ ਉਹ ਸੰਸਦ ਮੈਂਬਰ ਹਨ। ਇਸ ਸੰਸਦੀ ਖੇਤਰ ਵਿਚ ਜੋ ਵੀ ਕੰਮ ਹੋਏ ਹਨ, ਨਿਸ਼ਚਿਤ ਤੌਰ ’ਤੇ ਉਸ ਦਾ ਮਾਣ ਹਰਸਿਮਰਤ ਕੌਰ ਨੂੰ ਜ਼ਰੂਰ ਮਿਲੇਗਾ। ਉਹ ਲੰਮੇ ਸਮੇਂ ਤੋਂ ਔਰਤਾਂ ਨਾਲ ਜੁੜੇ ਰਹੇ ਹਨ ਪਰ ਇਸ ਵਾਰ ਵਕਤ ਕੁਝ ਬਦਲ ਗਿਆ ਹੈ। ਸ਼ਹਿਰੀ ਵੋਟਰਾਂ ਨੂੰ ਰਿਝਾਉਣ ਵਾਲੀ ਭਾਜਪਾ ਹੁਣ ਅਕਾਲੀ ਦਲ ਦੇ ਨਾਲ ਨਹੀਂ ਹੈ। ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਜਿੰਨੀਆਂ ਵੀ ਵੋਟਾਂ ਪ੍ਰਾਪਤ ਕਰਨਗੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਰਸਿਮਰਤ ਕੌਰ ਬਾਦਲ ਦੇ ਖ਼ਾਤੇ ਵਿੱਚੋਂ ਜਾਣਗੀਆਂ। ਪਰਮਪਾਲ ਕੌਰ ਦੇ ਸਹੁਰਾ ਸਿਕੰਦਰ ਸਿੰਘ ਮਲੂਕਾ ਜੋ ਕਿ ਕਈ ਸਾਲਾਂ ਤੋਂ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ, ਉਹ ਵੀ ਹਰਸਿਮਰਤ ਦਾ ਸਾਥ ਨਹੀਂ ਦੇ ਰਹੇ ਹਨ। ਸੰਸਦੀ ਸੀਟ ਦੀਆਂ ਵਿਧਾਨ ਸਭਾ ਸੀਟਾਂ ਦੇ ਇੰਚਾਰਜ ਚਾਹੇ ਦਰਸ਼ਨ ਸਿੰਘ ਕੋਟਫੱਤਾ ਹੋਣ ਜਾਂ ਜੀਤ ਮਹਿੰਦਰ ਸਿੰਘ ਸਿੱਧੂ ਹੋਣ, ਦੂਸਰੀਆਂ ਪਾਰਟੀਆਂ ਵਿਚ ਸ਼ਾਮਲ ਹੋ ਚੁੱਕੇ ਹਨ। ਬਲਵਿੰਦਰ ਸਿੰਘ ਭੂੰਦੜ ਜਿਹੇ ਆਗੂ ਬਿਰਧ ਹੋ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਇਸ ਸੀਟ ’ਤੇ ਆਪਣੀ ਨੂੰਹ ਹਰਸਿਮਰਤ ਕੌਰ ਲਈ ਵੱਡਾ ਸਹਾਰਾ ਹੁੰਦੇ ਸਨ।