ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਟਾਂਡੇ ਵੱਲੋਂ ਆਏ ਕਿਸਾਨਾਂ ਨੂੰ ਹੁਸ਼ਿਆਰਪੁਰ ਟਾਂਡਾ ਰੋਡ ਤੇ ਵਿੰਡਸਰ ਮੈਨਰ ਪੈਲੇਸ ਦੇ ਸਾਹਮਣੇ ਪੁਲਿਸ ਨੇ ਨਾਕੇ ਲਗਾ ਕੇ ਰੋਕ ਲਿਆ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਹੁਸ਼ਿਆਰਪੁਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦਸੂਹਾ, ਮੁਕੇਰੀਆਂ, ਟਾਂਡਾ,ਹਰਿਆਣਾ, ਬੁੱਲੋਵਾਲ, ਹਲਕਾ ਸ਼ਾਮ ਚੁਰਾਸੀ, ਗੜ੍ਹਦੀਵਾਲਾ ਅਤੇ ਹੋਰ ਵੱਖ ਵੱਖ ਇਲਾਕਿਆਂ ਤੋਂ ਆਏ 250 ਦੇ ਕਰੀਬ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਣ ਤੋਂ ਬਹੁਤ ਪਹਿਲੋਂ ਹੀ ਰੋਕ ਲਿਆ |
ਮੁਕੇਰੀਆਂ ਵਾਲੇ ਪਾਸਿਓਂ ਆਏ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਕਿਸਾਨਾਂ ਦੇ ਜਥੇ ਨੂੰ ਹੁਸ਼ਿਆਰਪੁਰ ਦਸੂਹਾ ਰੋਡ ‘ਤੇ ਕੱਕੋਂ ਵਿਖ਼ੇ ਲੱਗੇ ਪੁਲਿਸ ਨਾਕੇ ‘ਤੇ ਰੋਕ ਲਿਆ ਗਿਆ ਜਿੱਥੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਅਤੇ ਹੋਰ ਕਿਸਾਨੀ ਮਸਲੇ ਤੇ ਹੁਸ਼ਿਆਰਪੁਰ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਵਾਲ ਪੁੱਛਣਾ ਚਾਹੁੰਦੇ ਹਨ | ਜਿਸ ‘ਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਅਤੇ ਕਿਸਾਨਾਂ ਨੇ ਸੜਕ ਤੇ ਹੀ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ |
ਜਿਸ ‘ਤੇ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਮੌਕੇ ਦੇ ਪੁਲਸ ਅਧਿਕਾਰੀ ਕਮਾਂਡੇਟ ਐੱਮ ਐੱਸ ਭੁੱਲਰ, ਐੱਸਪੀ ਜੁਗਰਾਜ ਸਿੰਘ ਤੇ ਅਧਾਰਿਤ ਪੁਲਿਸ ਟੀਮ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਦਸੂਹਾ ਵਿਖ਼ੇ ਲਿਜਾਇਆ | ਇਨ੍ਹਾਂ ਹਿਰਾਸਤ ਵਿੱਚ ਲਏ ਕਿਸਾਨਾਂ ਵਿੱਚ ਪਰਮਜੀਤ ਸਿੰਘ ਭੁੱਲਾ, ਜਗਜੀਤ ਸਿੰਘ ਜੱਗੀ ਗਿੱਲ, ਬਲਦੇਵ ਸਿੰਘ,ਗੁਰਦੇਵ ਸਿੰਘ ਔਲਖ,ਸਤਨਾਮ ਸਿੰਘ ਚੀਮਾ,ਮੁਲਰਾਜ ਸਿੰਘ ਸੰਧੂ,ਹਰਬੰਸ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਕਮਲਜੀਤ ਕੌਰ, ਬਲਜਿੰਦਰ ਕੌਰ,ਗੁਰਮੀਤ ਸਿੰਘ ਅਬਦੁੱਲਾਪੁਰ, ਸਰਪੰਚ ਸਰਬਜੀਤ ਸਿੰਘ, ਨਿਰੰਜਨ ਸਿੰਘ ਜੱਗਾ ਸਰਪੰਚ ਸ਼ਾਮਿਲ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਪਸ ਜਾਣ ਉਪਰੰਤ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਟਾਂਡੇ ਵੱਲੋਂ ਆਏ ਕਿਸਾਨਾਂ ਨੂੰ ਹੁਸ਼ਿਆਰਪੁਰ ਟਾਂਡਾ ਰੋਡ ਤੇ ਵਿੰਡਸਰ ਮੈਨਰ ਪੈਲੇਸ ਦੇ ਸਾਹਮਣੇ ਪੁਲਿਸ ਨੇ ਨਾਕੇ ਲਗਾ ਕੇ ਰੋਕ ਲਿਆ | ਪੁਲਿਸ ਵੱਲੋਂ ਬੜੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਇੱਥੋਂ ਤੱਕ ਕਿ ਅਹਿਤਿਅਤ ਵਜੋਂ ਪੁਲਿਸ ਨਾਕਿਆਂ ਦੇ ਅੱਗੇ ਟਿੱਪਰ ਲਗਾ ਕੇ ਸੜਕ ਰੋਕੀ ਹੋਈ ਸੀ | ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ਤੇ ਉਨ੍ਹਾਂ ਸੜਕ ਦੇ ਵਿਚਕਾਰ ਧਰਨਾ ਲਗਾ ਦਿੱਤਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੋਆਬਾ ਕਿਸਾਨ ਕਮੇਟੀ ਵੱਲੋਂ ਕਿਸਾਨ ਆਗੂ ਗੁਰਦੀਪ ਸਿੰਘ ਖੁਣ ਖੁਣ, ਓਮ ਸਿੰਘ ਸਟਿਆਣਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਵਿੱਤਰ ਸਿੰਘ ਧੁਗਾ ਸਰਪੰਚ ਪਰਵਿੰਦਰ ਸਿੰਘ ਸੱਜਣਾ, ਜੰਗਵੀਰ ਸਿੰਘ ਚੌਹਾਨ, ਸਤਪਾਲ ਸਿੰਘ ਡਡਿਆਣਾ,ਸਤਪਾਲ ਸਿੰਘ ਮਿਰਜਾਪੁਰ ਖਡਿਆਲਾ, ਅਮਰਜੀਤ ਸਿੰਘ ਰੜਾ, ਕੁਲਦੀਪ ਸਿੰਘ ਦਰੀਆ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਲਿਆਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਖਿਲਾਫ ਜੋਰਦਾਰ ਨਾਅਰੇ ਲਾਏ | ਇਸ ਮੌਕੇ ਉਹਨਾਂ ਕਿਸਾਨੀ ਮੋਰਚੇ ਵੇਲੇ ਕੇਂਦਰ ਸਰਕਾਰ ਵੱਲੋਂ ਦੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ ਤੇ ਜ਼ੋਰਦਾਰ ਰੋਸ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਕਿਸਾਨਾਂ ਨੂੰ ਧਰਨੇ ਤੇ ਬੈਠੇ ਕਿਸਾਨਾਂ ਨੂੰ ਹੁਸ਼ਿਆਰਪੁਰ ਦਸੂਹਾ ਰੋਡ ਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੀ ਖੰਰ ਮਿਲੀ ਟ ਕਿਸਾਨਾਂ ਦਾ ਰਿਹਾ ਹੋਰ ਪ੍ਰਚੰਡ ਹੋ ਗਿਆ ਉਨ੍ਹਾਂ ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਇਨ੍ਹਾਂ ਦੋਵਾਂ ਥਾਵਾਂ ਤੇ ਇਹ ਧਰਨਾ ਤਕਰੀਬਨ ਡੇਢ ਦੋ ਘੰਟੇ ਤੱਕ ਚੱਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਪਸ ਜਾਣ ਉੱਪਰ ਖ਼ਤਮ ਕੀਤਾ ਗਿਆ |