ਮੋਦੀ, ਸ਼ਾਹ ਤੇ ਰਾਜਨਾਥ ਦੀਆਂ ਰੈਲੀਆਂ ਮਗਰੋਂ ਉਮੀਦਵਾਰਾਂ ਦਾ ਵਧਿਆ ਹੌਸਲਾ
ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਇਕ ਜੂਨ ਨੂੰ ਪੰਜਾਬ ਵਿਚ ਪੋਲਿੰਗ ਹੋਣੀ ਹੈ। ਇਕ ਜੂਨ ਹੀ ਉਹ ਤਰੀਕ ਹੈ, ਜਦੋਂ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫ਼ੌਜੀ ਕਾਰਵਾਈ ਹੋਈ ਸੀ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਹਰ ਰੈਲੀ, ਰੋਡ ਸ਼ੋਅ ਵਿਚ ਕਹਿ ਰਹੇ ਹਨ ਕਿ ਇਕ ਜੂਨ ਨੂੰ ਜਦੋਂ ਈਵੀਐੱਮ ਦਾ ਬਟਨ ਦਬਾਉਣਾ ਤਾਂ 1984 ਨੂੰ ਕਤੱਈ ਨਾ ਭੁੱਲਣਾ। ਉਹ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਵੀ ਲੋਕਾਂ ਨੂੰ ਦਿਖਾਉਂਦੇ ਹਨ। 2019 ਦੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿਚ ਇਸ ਵਾਰ ਪੰਜਾਬ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਵਿਚ ਸੀਟਾਂ ਜਿੱਤਣ ਤੋਂ ਵੱਧ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਚਿੰਤਾ ਕਰ ਰਹੀਆਂ ਹਨ। ਮੁੱਦਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਨਾਲ ਲੱਗਦੇ ਸੂਬੇ ਦੀ ਸੰਵੇਦਨਸ਼ੀਲਤਾ ਨੂੰ ਨਜ਼ਰਅੰਦਾਜ਼ ਕਰ ਕੇ ਸਿਆਸੀ ਪਾਰਟੀਆਂ ਕੌਮੀ ਸੁਰੱਖਿਆ ਜਿਹੇ ਮੁੱਦਿਆਂ ਨੂੰ ਦਰਕਿਨਾਰ ਕਰ ਰਹੀਆਂ ਹਨ। ਦੋਸ਼ਾਂ ਤੇ ਜਵਾਬੀ ਦੋਸ਼ਾਂ ਤੋਂ ਲੈ ਕੇ ਨਿੱਜੀ ਹਮਲੇ ਵੀ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨਾਂ ਵਿਚ ਆਪਣੀਆਂ ਤਿੰਨ ਰੈਲੀਆਂ ਵਿਚ ਹੋਰ ਪਾਰਟੀਆਂ ਨੂੰ ਅਹਿਮ ਮੁੱਦਿਆਂ ’ਤੇ ਚਰਚਾ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਮਜ਼ਬੂਤ ਭਲਵਾਨ ਆਪਣੇ ਮੁਕਾਬਲੇਬਾਜ਼ ਨੂੰ ਅਖਾੜੇ ਵਿਚ ਰਹਿ ਕੇ ਲੜਨ ਲਈ ਮਜਬੂਰ ਕਰਦਾ ਹੈ। ਉਨ੍ਹਾਂ ਨੇ ਜਿਵੇਂ ਪੰਜਾਬ ਵਿਚ ਨਸ਼ੇ ਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਹਮਲੇ ਕੀਤੇ ਹਨ ਅਤੇ ਸਿੱਖਾਂ ਨੂੰ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਤੇ ਵਾਰਾਨਸੀ ਵਿਚ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਜੋੜਿਆ, ਉਸ ਨਾਲ ‘ਆਪ’ ਕਾਂਗਰਸ ਤੇ ਅਕਾਲੀ ਦਲ (ਬ) ਨੂੰ ਚਿੰਤਾ ਸਤਾ ਰਹੀ ਹੈ ਕਿ ਕਿਤੇ ਉਸ ਦੇ ਵੋਟ ਬੈਂਕ ਵਿਚ ਭਾਜਪਾ ਸੰਨ੍ਹਮਾਰੀ ਨਾ ਕਰ ਦੇਵੇ।
ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਚੋਣਾਂ ਵਿਚ ਯਾਦ ਕੀਤੇ ਜਾ ਰਹੇ ਹਨ। ਸੁਖਬੀਰ ਨੇ ਤਾਂ ਜਲੰਧਰ ਦੀ ਰੈਲੀ ਵਿਚ 12 ਮਿੰਟਾਂ ਦੇ ਸੰਬੋਧਨ ਦੌਰਾਨ 15 ਵਾਰ ਆਪਣੇ ਪਿਤਾ ਦਾ ਨਾਂ ਲਿਆ। ਉਨ੍ਹਾਂ ਦੀ ਤਾਂ ਮਜਬੂਰੀ ਵੀ ਹੈ ਪਰ ਬਾਦਲ ਦੀ ਚਰਚਾ ਆਮ ਜਨਤਾ ਵੀ ਕਰਦੀ ਹੈ। ਭਾਜਪਾ ਦੇ ਨਾਲ ਗੱਠਜੋੜ ਕਰ ਕੇ ਸੂਬੇ ਵਿਚ ਅਮਨ, ਚੈਨ ਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਬਾਦਲ ਦੀ ਵੱਡੀ ਪ੍ਰਾਪਤੀ ਸੀ। ਹੁਣ ਜਦੋਂ ਅਕਾਲੀ ਦਲ (ਬ) ਵੱਖਰੇ ਰਸਤੇ ’ਤੇ ਚੱਲ ਰਿਹਾ ਹੈ ਤਾਂ ਸੁਖਬੀਰ ਵੀ ਪੰਥ ਦੀ ਦੁਹਾਈ ਦੇ ਰਹੇ ਹਨ। ਉਹ ਇਹ ਸਾਬਿਤ ਕਰਨ ਵਿਚ ਲੱਗੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਸਿੱਖਾਂ ਦਾ ਭਲਾ ਕਰ ਸਕਦੀ ਹੈ। ਇਸ ਕੋਸ਼ਿਸ਼ ਵਿਚ ਉਹ ਬਾਰੀਕ ਜਿਹੀ ਲਾਈਨ ਵੀ ਪਾਰ ਕਰ ਜਾਂਦੇ ਹਨ, ਜਿਸ ਦਾ ਉਨ੍ਹਾਂ ਦੇ ਪਿਤਾ ਪੂਰਾ ਖ਼ਿਆਲ ਰੱਖਦੇ ਸਨ। ਇਹ ਜਾਣਦੇ ਹੋਏ ਵੀ ਕਿ ਸਿਰਫ਼ ਸਿੱਖ ਵੋਟਰਾਂ ਦੀ ਵੋਟ ਨਾਲ ਜਿੱਤ ਸਕਣਾ ਔਖਾ ਹੈ ਫਿਰ ਵੀ ਸੁਖਬੀਰ ਬਾਦਲ ਧਰੁਵੀਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਾਰ ਦੀਆਂ ਚੋਣਾਂ ਵਿਚ ਤਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੱਤਵਾਦੀ ਅੰਮ੍ਰਿਤਪਾਲ ਸਿੰਘ ਵੀ ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਿਹਾ ਹੈ। ਸੁਖਬੀਰ ਤਾਂ ਇਹ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਜੇਲ੍ਹ ਤੋਂ ਬਾਹਰ ਆਉਣ ਲਈ ਚੋਣ ਲੜ ਰਿਹਾ ਹੈ ਪਰ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਉਸ ’ਤੇ ਐੱਨਐੱਸਏ ਲਾਉਣ ਦਾ ਫ਼ੈਸਲਾ ਸਹੀ ਨਹੀਂ ਸੀ। ਆਮ ਆਦਮੀ ਪਾਰਟੀ (ਆਪ) ਦੇ ਨਾਲ ਹੀ ਉਨ੍ਹਾਂ ਦੇ ਨਿਸ਼ਾਨੇ ’ਤੇ ਭਾਜਪਾ ਹੈ। ਉਨ੍ਹਾਂ ਲਈ ਖਿਸਕ ਚੁੱਕੇ ਵੋਟ ਬੈਂਕ ਨੂੰ ਫਿਰ ਹਾਸਿਲ ਕਰਨ ਤੋਂ ਵੱਧ ਪਾਰਟੀ ਦਾ ਵਜੂਦ ਬਚਾਉਣ ਦਾ ਦਬਾਅ ਹੈ। ਜੇ ਵੋਟ ਸ਼ੇਅਰ ਨਾ ਵਧਿਆ ਤਾਂ ਬਾਦਲ ਪਰਿਵਾਰ ਇਕ ਵਾਰ ਫਿਰ ਘੇਰੇ ਵਿਚ ਹੋਵੇਗਾ। ਪੰਥ ਤੇ ਅਕਾਲੀ ਦਲ ਇਕ-ਦੂਜੇ ਦੇ ਪੂਰਕ ਹਨ ਜਾਂ ਨਹੀਂ, ਇਹ 4 ਜੂਨ ਨੂੰ ਪਤਾ ਲੱਗ ਜਾਵੇਗਾ।
ਪਹਿਲੀ ਵਾਰ ਤਿੰਨ ਦੀ ਥਾਂ ਸਾਰੀਆਂ 13 ਸੀਟਾਂ ’ਤੇ ਚੋਣ ਲੜ ਰਹੀ ਭਾਜਪਾ ਲਈ ਆਪਣਾ ਵੋਟ ਬੈਂਕ ਵਧਾਉਣ ਦੀ ਚੁਣੌਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਵਿਚ ਖ਼ਾਸਕਰ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਤੇ ਉਤਸ਼ਾਹ ਨਜ਼ਰ ਆ ਰਿਹਾ ਹੈ, ਉਸ ਨਾਲ ਪਾਰਟੀ ਦੇ ਉਮੀਦਵਾਰਾਂ ਦਾ ਹੌਸਲਾ ਵਧਿਆ ਹੈ। ਪਟਿਆਲਾ ਦੀ ਰੈਲੀ ਵਿਚ ਕੁਝ ਲੋਕ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਦਾ ਮਾਡਲ ਸਿਰ ’ਤੇ ਰੱਖ ਕੇ ਪਹੁੰਚ ਰਹੇ ਹਨ, ਜਿਸ ਨੂੰ ਲੋਕ ਮੱਥਾ ਟੇਕ ਰਹੇ ਹਨ। ਸ਼ਾਨਦਾਰ ਰਾਮ ਮੰਦਰ ਬਾਰੇ ਚਰਚਾ ਪੰਜਾਬ ਵਿਚ ਹਾਲੇ ਵੀ ਖ਼ੂਬ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਰੈਲੀਆਂ ਤੋਂ ਬਾਅਦ ਸ਼ਹਿਰੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਤਾਂ ਹੈ ਕਿ ਮੋਦੀ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
‘ਆਪ’ ਤੇ ਅਕਾਲੀ ਦਲ ਨਹੀਂ ਲੈ ਸਕੇ ਫ਼ਾਇਦਾ : ਸੂਬੇ ਵਿਚ ਕੁਝ ਕਿਸਾਨ ਸੰਗਠਨ ਭਾਜਪਾ ਉਮੀਦਵਾਰਾਂ ਦੀ ਵਿਰੋਧਤਾ ਕਰ ਰਹੇ ਹਨ। ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਵਿਚ ਪਾਰਟੀ ਦੇ ਆਗੂ ਨਾਕਾਮ ਰਹੇ ਹਨ। ਕਾਂਗਰਸ, ‘ਆਪ’ ਤੇ ਅਕਾਲੀ ਦਲ ਕਿਸਾਨਾਂ ਦੀ ਨਾਰਾਜ਼ਗੀ ਦਾ ਫ਼ਾਇਦਾ ਲੈ ਵੀ ਰਹੇ ਹਨ ਪਰ ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਭਾਜਪਾ ਨੂੰ ਕੁਝ ਖੇਤਰਾਂ ਵਿਚ ਇਸ ਦਾ ਲਾਭ ਮਿਲ ਵੀ ਰਿਹਾ ਹੈ। ਮੋਦੀ ਫੈਕਟਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਜਪਾ ਉਮੀਦਵਾਰਾਂ ਨੂੰ ਜ਼ਿਆਦਾਤਰ ਵੋਟਾਂ ਮੋਦੀ ਦੇ ਨਾਂ ’ਤੇ ਮਿਲਣਗੀਆਂ। 2014 ਤੇ 2019 ਵਿਚ ਪਾਰਟੀ ਨੂੰ ਦੋ-ਦੋ ਸੀਟਾਂ ’ਤੇ ਜਿੱਤ ਮਿਲੀ ਸੀ।
ਪੰਜਾਬ ਦੇ ਮੂਡ ਦੀ ਗੱਲ ਕਰੀਏ ਤਾਂ ਮੋਦੀ ਲਹਿਰ ਵਿਚ ਵੀ ਇੱਥੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅੱਠ ਤਾਂ 2014 ਵਿਚ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲ ਗਈਆਂ ਸਨ। ਵੋਟਰ ਜਿੱਧਰ ਚਲੇ ਗਏ, ਸੋ ਚਲੇ ਗਏ। ਬੱਸ, ਬਦਲਾਅ ਲਿਆਉਣਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਿੰਨ-ਚੌਥਾਈ ਸੀਟਾਂ ਜਿੱਤਣ ਵਾਲੀ ‘ਆਪ’ ਉਸੇ ਸਾਲ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਟ ਹਾਰ ਗਈ ਤੇ ਜਿੱਤ ਗਏ ਸਿਮਰਨਜੀਤ ਮਾਨ। 2022 ਵਿਚ ਜਿਵੇਂ ਵੋਟਰ ਗੁੰਮਸੁੰਮ ਸਨ, ਕੁਝ ਇਹੋ-ਜਿਹਾ ਇਸ ਵਾਰ ਵੀ ਹੈ
ਅਕਾਲੀ ਦਲ ਦੀ ਬਜਾਏ ਭਾਜਪਾ ਵਿਰੁੱਧ ਮੂੰਹਜ਼ੋਰ ਪੰਜਾਬ ਦੇ ਕਾਂਗਰਸੀ ਆਗੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰ ਰਹੇ ਹਨ ਜਦਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਤੇ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੀਆਂ ਰੈਲੀਆਂ ਵਿਚ ਇਕ ਵਾਰ ਵੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਨਾਂ ਨਹੀਂ ਲਿਆ ਹੈ, ਅਕਾਲੀ ਦਲ ਦਾ ਵੀ ਨਹੀਂ। ਉਨ੍ਹਾਂ ਦੇ ਨਿਸ਼ਾਨੇ ’ਤੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਰਹੇ। ਕਾਂਗਰਸ ਦੇ ਸਾਹਮਣੇ 2019 ਦਾ ਨਤੀਜਾ ਦੁਹਰਾਉਣ ਦਾ ਦਬਾਅ ਹੈ। ਉਦੋਂ ਉਸ ਨੂੰ ਸੂਬੇ ਦੀਆਂ 13 ਵਿੱਚੋਂ ਅੱਠ ਸੀਟਾਂ ਮਿਲੀਆਂ ਸਨ। ਉਸ ਦੀ ਮੁਸ਼ਕਲ ਇਹ ਹੈ ਕਿ ਉਸ ਦੇ ਆਗੂ ਵੀ ਕਈ ਵਾਰ ਪਾਰਟੀ ਦਾ ਨੁਕਸਾਨ ਕਰ ਦਿੰਦੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਖੜ੍ਹੀ ਕਰ ਦਿੰਦੇ ਸਨ ਤਾਂ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਨੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਵਿਚ ਨੌਕਰੀ ਨਾ ਦੇਣ ਜਿਹੇ ਬਿਆਨ ਦੇ ਕੇ ਮੁਸੀਬਤ ਵਧਾ ਦਿੱਤੀ ਹੈ। ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਖਹਿਰਾ ਦਾ ਬਿਆਨ ਨਿੱਜੀ ਕਰਾਰ ਦਿੱਤਾ ਹੈ ਪਰ ਕਾਂਗਰਸ ਨੂੰ ਵੀ ਪਤਾ ਹੈ ਕਿ ਹੋਰਨਾਂ ਸੂਬਿਆਂ ਦੇ ਵੋਟਰਾਂ ਦੀ ਸੂਬੇ ਵਿਚ ਚੰਗੀ ਗਿਣਤੀ ਹੈ। ਜਦੋਂ ਮੁਕਾਬਲਾ ਚਾਰ-ਕੋਣੀ ਹੋਵੇ ਤਾਂ ਇਕ-ਇਕ ਵੋਟ ਦੀ ਅਹਿਮੀਅਤ ਵੱਧ ਜਾਂਦੀ ਹੈ। ਆਪਣਾ ਵੋਟ ਬੈਂਕ ਬਰਕਰਾਰ ਰੱਖਣ ਲਈ ਕਾਂਗਰਸ ਨੇ ‘ਆਪ’ ਨਾਲ ਪੰਜਾਬ ਵਿਚ ਸਿਆਸੀ ਗੱਠਜੋੜ ਨਹੀਂ ਕੀਤਾ ਹੈ।