ਦੇਸ਼ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸੂਬੇ ਅਤੇ ਦੇਸ਼ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਗਾਤਾਰ ਤਰੱਕੀਆਂ ਕਰ ਰਿਹਾ ਹੈ। ਇਸੇ ਤਰ੍ਹਾਂ ਉੱਤਰਾਖੰਡ ਵੀ ਤਰੱਕੀਆਂ ਦੀ ਰਾਹ ‘ਤੇ ਹੈ। ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਜਿੱਥੇ ਦੁਨੀਆਂ ਭਰ ਤੋਂ ਲੋਕ ਚਾਰ ਧਾਮ ਦੀ ਯਾਤਰਾ ਲਈ ਉਤਰਾਖੰਡ ਆਉੰਦੇ ਹਨ ਉੱਥੇ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ ਦਰਸ਼ਨਾਂ ਲਈ ਵੀ ਸੰਗਤਾਂ ਵੱਡੀ ਤਾਦਾਦ ਵਿੱਚ ਪਹੁੰਚਦੀਆਂ ਹਨ। ਉੱਤਰਾਖੰਡ ਸਰਕਾਰ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਹਰ ਯੋਗ ਪ੍ਰਬੰਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਪੈਦਲ ਚੜਾਈ ਬਜ਼ੁਰਗਾਂ,ਬੱਚਿਆਂ ਅਤੇ ਲੋੜਵੰਦਾਂ ਲਈ ਕਠਿਨ ਹੈ। ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਚੜਾਈ ਨੂੰ ਸੁਖਾਲਾ ਕਰਨ ਲਈ ਰੋਪਵੇ ਲਗਾਉਣ ਲਈ ਪ੍ਰੋਜੈਕਟ ਨੂੰ ਹਾਂ ਕੀਤੀ ਸੀ, ਰੋਪਵੇ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦ ਹੀ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਿਸ਼ੀਕੇਸ਼ ਤੋਂ ਕਰਨਪ੍ਰਯਾਗ ਤੱਕ ਰੇਲ ਮਾਰਗ ਦਾ ਕੰਮ ਮੁਕੰਮਲ ਹੋਣ ਜਾ ਰਿਹਾ ਹੈ ਅਗਲੇ ਸਾਲ ਇਹ ਰੇਲ ਮਾਰਗ ਵੀ ਆਰੰਭ ਹੋ ਜਾਵੇਗਾ।
ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੁਸ਼ਕਰ ਸਿੰਘ ਧਾਮੀ ਨੂੰ ਸਕੱਤਰ ਪ੍ਰਤਾਪ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ ਤੇ ਹੋਰਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਇਤਰਾਜ਼ ਨੂੰ ਪੁਸ਼ਕਰ ਸਿੰਘ ਧਾਮੀ ਤੱਕ ਪਹੁੰਚਾਉਂਦਿਆਂ ਪ੍ਰਤਾਪ ਸਿੰਘ ਨੇ ਕਿਹਾ ਕਿ ਚਾਰ ਧਾਮ ਦੀ ਰਜਿਸਟਰੇਸ਼ਨ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਰਜਿਸਟਰੇਸ਼ਨ ਚੱਲ ਰਹੀ ਹੈ। ਜਿਸ ਨੂੰ ਵੱਖਰਾ ਕਰਨ ਲਈ ਸੰਗਤਾਂ ਦੀ ਮੰਗ ਹੈ, ਜਿਸ ‘ਤੇ ਪੁਸ਼ਕਰ ਸਿੰਘ ਧਾਮੀ ਨੇ ਹਾਂ ਪੱਖੀ ਹੁੰਗਾਰਾ ਦਿੱਤਾ। ਪੁਸ਼ਕਰ ਸਿੰਘ ਧਾਮੀ ਪੰਜਾਬ ਵਿੱਚ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਹੁੰਚੇ ਹਨ।