BJP ਤੇ AAP ਵਰਕਰ ਆਪਸ ‘ਚ ਭਿੜੇ
ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਠਾਨਕੋਟ ਵਿਖੇ ਪਹੁੰਚ ਰਹੇ ਹਨ। ਜਿਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਪਠਾਨਕੋਟ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਥਾਂ-ਥਾਂ ਤੇ ਪੋਸਟਰ ਲਗਾਏ ਗਏ ਹਨ। ਪਰ ਉਥੇ ਹੀ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਵਾਲਮੀਕੀ ਚੌਂਕ ਵਿਖੇ ਸਰਕਾਰੀ ਖੰਬਿਆਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਤਾਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸਦਾ ਡੱਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਲੋਕਤੰਤਰ ਦੀ ਦੁਹਾਈ ਦਿੰਦੀ ਹੈ ਉਥੇ ਹੀ ਅੱਜ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪਠਾਨਕੋਟ ਦੇ ਵਾਲਮੀਕੀ ਚੌਂਕ ਅਤੇ ਗਾਂਧੀ ਚੌਂਕ ਸਥਿਤ ਸਰਕਾਰੀ ਖੰਭਿਆਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੋਸਟਰ ਲਗਾਏ ਜਾ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਦੀ ਸੂਚਨਾ ਜ਼ਿਲਾ ਚੋਣ ਕਮਿਸ਼ਨਰ ਕੰਮ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਵੀ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਖੰਬਿਆਂ ਤੋਂ ਪੋਸਟਰ ਨਹੀਂ ਉਤਾਰੇ ਜਾਂਦੇ ਤਾਂ ਉਹ ਵੱਡਾ ਸੰਘਰਸ਼ ਕਰਨਗੇ ਅਤੇ ਜਦ ਤੱਕ ਇਹ ਪੋਸਟਰ ਨਹੀਂ ਉਤਰਦੇ ਉਹ ਇਥੇ ਹੀ ਪ੍ਰਦਰਸ਼ਨ ਕਰਦੇ ਰਹਿਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਾਮ ਨੂੰ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਉੱਤੇ ਇਸ ਘਟਨਾ ਕ੍ਰਮ ਦਾ ਕੀ ਅਸਰ ਪੈਂਦਾ ਹੈ।