ਇਸ ਦੌਰਾਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਡ੍ਰੋਨ ਰਾਹੀਂ ਸੁੱਟੇ ਦੋ ਪੈਕਟ ਬਰਾਮਦ ਕੀਤੇ
ਬੀਐੱਸਐੱਫ ਦੀ 27 ਬਟਾਲੀਅਨ ਤੇ ਪੰਜਾਬ ਪੁਲਿਸ ਵੱਲੋਂ ਐਤਵਾਰ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਡ੍ਰੋਨ ਰਾਹੀਂ ਭੇਜੀ ਗਈ 10 ਕਿੱਲੋ 645 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਥਾਣਾ ਕਲਾਨੌਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਕੁਮਾਰ ਦਾਯਮਾ ਨੇ ਦੱਸਿਆ ਕਿ ਐਤਵਾਰ ਦੀ ਰਾਤ ਬੀਐੱਸਐੱਫ ਜੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਡ੍ਰੋਨ ਦੀ ਜਵਾਨਾਂ ਵੱਲੋਂ ਅਕਾਸ਼ ਵਿੱਚ ਗੂੰਜ ਸੁਣਾਈ ਦੇਣ ਉਪਰੰਤ ਪਾਕਿਸਤਾਨੀ ਡ੍ਰੋਨ ਤੇ ਬੀਐੱਸਐੱਫ ਦੇ ਜਵਾਨ ਵੱਲੋਂ ਤਿੰਨ ਫਾਇਰ ਕੀਤੇ ਗਏ ਸਨ। ਇਸ ਘਟਨਾ ਤੋਂ ਬਾਅਦ ਬੀਐੱਸਐੱਫ ਦੇ ਬਟਾਲੀਅਨ ਕਮਾਂਡੈਂਟ ਮਾਨ ਸਿੰਘ ਅਤੇ ਪੰਜਾਬ ਪੁਲਿਸ ਦੇ ਡੀਐੱਸਪੀ ਗੁਰਵਿੰਦਰ ਸਿੰਘ ਅਤੇ ਆਈਪੀਐੱਸ ਦਿਲਪ੍ਰੀਤ ਪੁਲਿਸ ਥਾਣਾ ਕਲਾਨੌਰ ਸਮੇਤ ਬੀਐੱਸਐੱਫ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ।
.ਇਸ ਦੌਰਾਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਡ੍ਰੋਨ ਰਾਹੀਂ ਸੁੱਟੇ ਦੋ ਪੈਕਟ ਬਰਾਮਦ ਕੀਤੇ ਜਿਨ੍ਹਾਂ ਨੂੰ ਖੋਲ੍ਹਣ ਉਪਰੰਤ 15 ਪੈਕੇਟ ਹੈਰੋਇਨ ਜਿਨ੍ਹਾਂ ਦਾ ਵਜ਼ਨ 10 ਕਿਲੋ 645 ਗਰਾਮ ਸੀ। ਉਹਨਾਂ ਦੱਸਿਆ ਕਿ ਇਸ ਦੌਰਾਨ ਕੀਤੇ ਗਏ ਸਰਚ ਤੋਂ ਬਾਅਦ ਦੂਸਰੀ ਥਾਂ ਤੋਂ ਹੈਰੋਇਨ ਲਿਆਉਣ ਵਾਲਾ ਡ੍ਰੋਨ ਤੇ ਕਾਲੇ ਰੰਗ ਦਾ ਪਰਨਾ ਵੀ ਬਰਾਮਦ ਕੀਤਾ ਗਿਆ। ਇਸ ਸਬੰਧੀ ਕੰਪਨੀ ਕਮਾਂਡਰ ਚੰਦੂ ਵਡਾਲਾ ਦੇ ਬਿਆਨਾਂ ਤਹਿਤ ਪੁਲਿਸ ਥਾਣਾ ਕਲਾਨੌਰ ਵਿਖੇ ਅਣਪਛਾਤੇ ਨਸ਼ਾ ਤਸਕਰਾਂ,ਨਸ਼ਾ ਵਿਰੋਧੀ ਐਕਟ ਅਤੇ ਡ੍ਰੋਨ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਐੱਸਐੱਸਪੀ ਨੇ ਕਿਹਾ ਕਿ ਇਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਵਾਉਣ ਲਈ ਪੁਲਿਸ ਦਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਚੋਣਾਂ ਦੇ ਮੱਦੇ ਨਜ਼ਰ ਪੁਲਿਸ ਅਤੇ ਬੀਐੱਸਐੱਫ ਵੱਲੋਂ ਚੋਣ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਪੂਰੀ ਸਖਤੀ ਵਰਤੀ ਜਾ ਰਹੀ ਹੈ। ਇਸ ਮੌਕੇ ਬੀਐੱਸਐੱਫ ਦੀ 27 ਬਟਾਲੀਅਨ ਦੇ ਕਮਾਂਡੈਂਟ ਮਾਨ ਸਿੰਘ,ਆਰਜੂਡੈਂਟ ਰਤੇਸ ਦਵੇਦੀ, ਗੁਰਵਿੰਦਰ ਸਿੰਘ ਡੀਐੱਸਪੀ, ਦਿਲਪ੍ਰੀਤ ਸਿੰਘ ਆਈਪੀਐੱਸ, ਇੰਦਰਜੀਤ ਖੁਫੀਆ ਵਿਭਾਗ ਬੀਐੱਸਐੱਫ ਤੋ ਇਲਾਵਾ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।





