ਪੁਲਿਸ ਨੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ
ਬੀਤੀ ਰਾਤ ਪਿੰਡ ਰਾਜੋਆਣਾ ਕਲਾਂ ਵਿਖੇ ਦੋ ਗੈਂਗਸਟਰਾਂ ਵਿਚਾਲੇ ਹੋਈ ਭਿਆਨਕ ਲੜਾਈ ’ਚ ਕਤਲ ਹੋਏ ਰਾਜਵਿੰਦਰ ਸਿੰਘ ਉਰਫ ਰਾਜਨ ਵਾਸੀ ਹਾਂਸ ਕਲਾਂ ਦੇ ਭਰਾ ਸਤਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸੁਧਾਰ ਪੁਲਿਸ ਨੇ ਗੱਗੂ ਉਰਫ ਮੰਗਲ, ਜੱਸਾ, ਰਵੀ, ਟੀਟੂ , ਚਰਨਾ, ਅੰਮ੍ਰਿਤ ਵਾਸੀਆਨ ਰਾਜੋਆਣਾ ਕਲਾਂ ਅਤੇ ਕਾਲਾ ਮੱਤੋ ਵਾਸੀ ਹੇਰਾਂ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਰਾਜਨ ਦੇ ਭਰਾ ਸਤਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਗੱਗੂ ਉਰਫ ਮੰਗਲ ਨੇ ਉਸ ਦੇ ਦੋਸਤ ਕਾਲੂ ਵਾਸੀ ਪਿੰਡ ਹੇਰਾਂ ਦੀ ਕੁੱਟਮਾਰ ਕੀਤੀ ਸੀ। ਉਹ ਆਪਣੇ ਸਾਥੀਆਂ ਬਲਜੋਤ ਸਿੰਘ ਬੌਬੀ, ਸੰਦੀਪ ਸਿੰਘ ਉਰਫ਼ ਖੇਮਾ ਵਾਸੀ ਹਾਂਸ ਕਲਾਂ, ਹਰਮਨਦੀਪ ਸਿੰਘ ਵਾਸੀ ਹੇਰਾਂ, ਪ੍ਰਭਜੋਤ ਸਿੰਘ ਵਾਸੀ ਛੱਜਾਵਾਲ ਅਤੇ ਬਿੱਲਾ ਵਾਸੀ ਸੁਧਾਰ ਨੂੰ ਲੈ ਕੇ ਗੱਗੂ ਉਰਫ਼ ਮੰਗਲ ਨਾਲ ਕਾਲੂ ਦੀ ਕੁੱਟਮਾਰ ਸਬੰਧੀ ਗੱਲ ਕਰਨ ਲਈ ਪਿੰਡ ਰਾਜੋਆਣਾ ਕਲਾਂ ਪੁੱਜੇ ਸਨ ਪਰ ਮੁਲਜ਼ਮਾਂ ਨੇ ਤੇਜ਼ਧਾਰ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਗੱਗੂ ਆਪਣੇ ਟਰੈਕਟਰ ’ਤੇ ਸਵਾਰ ਸੀ। ਗੱਗੂ ਨੇ ਉਨ੍ਹਾਂ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹ ਸਾਰੇ ਖੇਤਾਂ ਵੱਲ ਭੱਜ ਗਏ। ਇਸ ਦੌਰਾਨ ਰਾਜਨ ਅਤੇ ਬੌਬੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਤਵਿੰਦਰ ਅਨੁਸਾਰ ਉਹ ਸਾਰੇ ਆਪਣੇ ਘਰਾਂ ਨੂੰ ਭੱਜ ਗਏ ਪਰ ਰਾਜਨ ਅਤੇ ਬੌਬੀ ਆਪਣੇ ਘਰ ਨਹੀਂ ਪਹੁੰਚੇ। ਐਤਵਾਰ ਦੁਪਹਿਰ ਨੂੰ ਰਾਜੋਆਣਾ ਕਲਾਂ ਦੇ ਬਲਮੀਤ ਸਿੰਘ ਉਰਫ ਬੱਲੂ ਨੇ ਉਸਦੇ ਦੋਸਤ ਹਰਮਨਦੀਪ ਸਿੰਘ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਰਾਜਨ ਦੀ ਲਾਸ਼ ਹੱਡਾਰੋੜੀ ਨੇੜੇ ਖੇਤਾਂ ਵਿੱਚ ਪਈ ਹੈ।ਜ਼ਿਕਰਯੋਗ ਹੈ ਕਿ ਰਾਜੋਆਣਾ ਕਲਾਂ ਦੇ ਦੋ ਗਿਰੋਹਾਂ ਵਿਚਕਾਰ ਪੁਰਾਣੀ ਰੰਜਿਸ਼ ਸ਼ਨੀਵਾਰ ਰਾਤ ਨੂੰ ਖੂਨੀ ਰੂਪ ਧਾਰਨ ਕਰ ਗਈ ਸੀ ਅਤੇ ਗੱਗੂ ਗਰੁੱਪ ਦੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਪਿੰਡ ਹਾਂਸ ਕਲਾਂ ਦੇ ਰਹਿਣ ਵਾਲੇ ਅਮਨਜੀਤ ਗਰੁੱਪ ਦੇ 22 ਸਾਲਾ ਰਾਜਨ ਸਿੰਘ ਦਾ ਰਵਾਇਤੀ ਹਥਿਆਰਾਂ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਲੜਾਈ ਵਿੱਚ ਗੱਗੂ ਦੇ 65 ਸਾਲਾ ਪਿਤਾ ਜਗਦੇਵ ਸਿੰਘ ਦੇ ਹੱਥਾਂ ਅਤੇ ਲੱਤਾਂ ਉੱਤੇ ਕਿਰਪਾਨ ਨਾਲ ਕਈ ਵਾਰ ਕੀਤੇ ਗਏ। ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਐਤਵਾਰ ਦੁਪਹਿਰ ਨੂੰ ਉਸ ਨੂੰ ਹੋਸ਼ ਆਈ। ਲੜਾਈ ਦੌਰਾਨ ਗੱਗੂ ਗੈਂਗ ਨੇ ਰਾਜਨ ਗੈਂਗ ਦੇ ਬੌਬੀ ਨੂੰ ਅਗਵਾ ਕਰ ਕੇ ਘਰ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ। ਬੌਬੀ ਦੇ ਚੀਕਣ ਅਤੇ ਦਰਦ ਨਾਲ ਚਿੱਲਾਉਣ ਦੀ ਆਵਾਜ਼ ਸੁਣ ਕੇ ਪਿੰਡ ਦੇ ਇੱਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਅਤੇ ਐਮਰਜੈਂਸੀ ਨੰਬਰ 112 ’ਤੇ ਫ਼ੋਨ ਕੀਤਾ। ਬੌਬੀ ਨੂੰ ਸੁਧਾਰ ਪੁਲਿਸ ਨੇ ਰਾਏਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਦਾਖਾ ਦੇ ਡੀਐੱਸਪੀ ਦਾਖਾ ਜਤਿੰਦਰਪਾਲ ਸਿੰਘ ਨੇ ਦੇਰ ਸ਼ਾਮ ਟੀਟੂ ਅਤੇ ਚਰਨਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਨੂੰ ਅਦਾਲਤ ਵੱਲੋਂ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ ਪਰ ਮੁੱਖ ਮੁਲਜ਼ਮ ਗੱਗੂ ਅਜੇ ਤੱਕ ਫ਼ਰਾਰ ਹੈ।
ਦੂਜੇ ਪਾਸੇ ਮ੍ਰਿਤਕ ਰਾਜਨ ਦੇ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ। ਰਾਜਨ ਦਾ ਪਰਿਵਾਰ, ਦੋਸਤ ਅਤੇ ਪਿੰਡ ਵਾਸੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਡੀਐੱਸਪੀ ਜਤਿੰਦਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕਰਨ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਜਾ ਰਹੀਆਂ ਹਨ।