ਜੇ ਲੋਕਾਂ ਨੇ ‘ਆਪ’ ਦਾ ਸਾਥ ਦਿੱਤਾ ਤਾਂ ਮਾਨ ਦੀ ਬੁਲੰਦ ਆਵਾਜ਼ ਲੋਕ ਸਭਾ ’ਚ ਵੀ ਗੂੰਜੇਗੀ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਲੁਧਿਆਣਾ ਦੇ ਢੰਡਾਰੀ ਪੁੱਜੇ ਜਿੱਥੇ ਉਨ੍ਹਾਂ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਦੋ ਸਾਲ ਪਹਿਲਾਂ ਲੁਧਿਆਣਾ ਆਏ ਸਨ। ਉਸ ਸਮੇਂ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਅੱਜ ਜਿੱਥੇ ਸਕੂਲ ਵਧੀਆ ਬਣੇ ਹਨ, ਉਥੇ ਹੀ ਸਿਹਤ ਸਹੂਲਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਮੁਹੱਲਾ ਕਲੀਨਿਕ ਬਣਾਏ। ਇਸ ਦੇ ਨਾਲ ਨਾਲ ਬਹੁਤੇ ਲੋਕਾਂ ਦਾ ਬਿਜਲੀ ਦਾ ਬਿੱਲ ਵੀ ਜ਼ੀਰੋ ਆ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਹੁਣ ਕੇਂਦਰ ਤੋਂ ਪੰਜਾਬ ਦੇ ਹੱਕ ਲੈਣ ਲਈ ਤੁਹਾਡੇ ਕੋਲ ਮੌਕਾ ਹੈ, ਤੁਸੀਂ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾ ਸਾਥ ਦਿਓ ਤਾਂ ਜੋ ਪੰਜਾਬ ਦੇ ਹੱਕ ਲਏ ਜਾ ਸਕਣ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਬੁਲੰਦ ਆਵਾਜ਼ ਲੋਕ ਸਭਾ ’ਚ ਵੀ ਗੂੰਜੇਗੀ।