ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਜ਼ੀਰਕਪੁਰ ਨੇੜੇ ਬਲਟਾਣਾ ਦੀ ਫਰਨੀਚਰ ਮਾਰਕੀਟ ‘ਚ ਅੱਗ ਲੱਗਣ ਦੀ ਸੂਚਨਾ ਮਿਲ ਰਹੀ ਹੈ। ਕਿਸੇ ਤਰ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਫਰਨੀਚਰ ਮਾਰਕੀਟ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਅੱਗ ਲੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਅੱਗ ਸਭ ਤੋਂ ਪਹਿਲਾਂ ਫਰਨੀਚਰ ਮਾਰਕੀਟ ਦੇ ਪਿਛਲੇ ਪਾਸੇ ਬਣੇ ਗੈਰ-ਕਾਨੂੰਨੀ ਸ਼ੈੱਡ ‘ਚ ਲੱਗੀ। ਕੁਝ ਹੀ ਸਮੇਂ ‘ਚ ਕਰੀਬ 10 ਤੋਂ 12 ਸ਼ੈੱਡ ਇਸ ਦੀ ਲਪੇਟ ‘ਚ ਆ ਗਏ।
ਫਰਨੀਚਰ ਮਾਰਕੀਟ ਦੇ ਦੁਕਾਨਦਾਰ ਕਸ਼ਿਸ਼ ਕੁਮਾਰ ਨੇ ਦੱਸਿਆ ਕਿ ਇੱਥੇ ਫਰਨੀਚਰ ਬਣਾਉਣ ਦਾ ਕੰਮ ਪਿਛਲੇ ਪਾਸੇ ਕੀਤਾ ਜਾਂਦਾ ਹੈ। ਫਾਇਰ ਵਿਭਾਗ ਦੀਆਂ 10 ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਵਿਚ ਜ਼ੀਰਕਪੁਰ ਡੇਰਾਬੱਸੀ, ਪੰਚਕੂਲਾ ਅਤੇ ਚੰਡੀਗੜ੍ਹ ਫਾਇਰ ਵਿਭਾਗ ਦੀਆਂ ਗੱਡੀਆਂ ਸ਼ਾਮਲ ਹਨ।
ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇੱਥੇ ਫਰਨੀਚਰ ਬਣਾਉਣ ਤੇ ਪੇਂਟ ਕਰਨ ਦਾ ਕੰਮ ਕੀਤਾ ਜਾਂਦਾ ਹੈ। ਪੇਂਟ ‘ਚ ਵਰਤੇ ਗਏ ਕੈਮੀਕਲ ਨਾਲ ਸੰਪਰਕ ਹੋਣ ਕਾਰਨ ਅੱਗ ਫੈਲ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਅੱਗ ਨਾਲ ਲੱਖਾਂ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਅੱਗ ਲੱਗਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਫਰਨੀਚਰ ਨੂੰ ਪੇਂਟ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਕਾਰਨ ਅੱਗ ਲਗਾਤਾਰ ਵਧ ਰਹੀ ਹੈ। ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਹੈ