ਮ੍ਰਿਤਕ ਮਨਜੀਤ ਸਿੰਘ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੱਲ੍ਹ ਤੋਂ ਕਿਸੇ ਕੰਮ ਲਈ ਗਿਆ ਹੋਇਆ ਸੀ।
ਕਪੂਰਥਲਾ ਦੀ ਸਬ ਡਵੀਜ਼ਨ ਭੁਲੱਥ ‘ਚ ਪੈਂਦੇ ਪਿੰਡ ਭੰਡਾਲ ਬੇਟ ‘ਚ ਸੋਮਵਾਰ ਸਵੇਰੇ ਇਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ ਜਿਸ ਕਾਰਨ ਇਲਾਕ਼ੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲਾਸ਼ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਿਸ ਅਤੇ ਡੀਐਸਪੀ ਭੁਲੱਥ ਸੁਰਿੰਦਰਪਾਲ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਤਕ ਕਤਲ ਦੇ ਕਾਰਨ ਤੇ ਕਾਤਲ ਦਾ ਖੁਲਾਸਾ ਨਹੀਂ ਹੋਇਆ ਹੈ। ਡੀਐਸਪੀ ਸੁਰਿੰਦਰ ਪਾਲ ਨੇ ਕਿਹਾ ਕਿ ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਸਾਰੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਲਦ ਹੀ ਕਾਤਲ ਨੂੰ ਫੜ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਲੋਕਾਂ ਨੇ ਪਿੰਡ ਭੰਡਾਲ ਬੇਟ ਦੇ ਪਸ਼ੂ ਹਸਪਤਾਲ ਦੇ ਅਹਾਤੇ ‘ਚ 40 ਸਾਲਾ ਇਕ ਵਿਅਕਤੀ ਮਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੂਰਪੁਰ ਜਨੂਹਾ ਦੀ ਖ਼ੂਨ ਨਾਲ ਲੱਥਪੱਥ ਲਾਸ਼ ਦੇਖੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਥਾਣਾ ਢਿਲਵਾਂ ਦੇ ਐਸਐਚਓ ਸੁਖਵੀਰ ਸਿੰਘ ਅਤੇ ਡੀਐਸਪੀ ਸੁਰੇਂਦਰ ਪਾਲ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਨਜੀਤ ਸਿੰਘ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੱਲ੍ਹ ਤੋਂ ਕਿਸੇ ਕੰਮ ਲਈ ਗਿਆ ਹੋਇਆ ਸੀ। ਰਾਤ ਨੂੰ ਘਰ ਨਹੀਂ ਆਇਆ। ਸਵੇਰੇ ਕਿਸੇ ਪਿੰਡ ਵਾਸੀ ਨੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਮਨਜੀਤ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ।