ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ’ਚ ਬਠਿੰਡਾ ਸ਼ਹਿਰ ਅੰਦਰ ਰੋਡ ਸ਼ੋਅ ਕੀਤਾ।
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਆਖਿਆ ਕਿ ਪੰਜਾਬ ਅੰਦਰ 117 ਸੀਟਾਂ ’ਚੋਂ 92 ਸੀਟਾਂ ਜਿਤਾ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ। ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਲਈ 24 ਘੰਟੇ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਦਿੱਲੀ ਤੇ ਪੰਜਾਬ ਅਜਿਹੇ ਦੋ ਸੂਬੇ ਹਨ ਜਿੱਥੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਹ ਇਮਾਨਦਾਰ ਚੁਣੀ ਹੋਈ ਸਰਕਾਰ ਦਾ ਨਤੀਜਾ ਹੈ ਕਿ ਬਿਜਲੀ 24 ਘੰਟੇ ਆ ਰਹੀ ਹੈ ਜਦੋਂ ਕਿ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਸੂਬੇ ਦੇ ਸਾਢੇ ਅੱਠ ਕਰੋੜ ਰੁਪਏ ਰੋਕ ਰੱਖੇ ਹਨ, ਜੇਕਰ ਕੇਂਦਰ ਸਰਕਾਰ ਇਹ ਪੈਸਾ ਰਿਲੀਜ਼ ਕਰਦੀ ਤਾਂ ਹੁਣ ਤਕ ਸੜਕਾਂ, ਮੁਹੱਲਾ ਕਲੀਨਿਕ ਤੇ ਹੋਰ ਵਿਕਾਸ ਕਾਰਜ ਹੋਣੇ ਸਨ। ਪਰ ਭਾਜਪਾ ਦੀ ਕੇਂਦਰ ਸਰਕਾਰ ਸੂਬੇ ਅੰਦਰ ਅਜਿਹਾ ਨਹੀਂ ਕਰਨਾ ਚਾਹੁੰਦੀ। ਪੰਜਾਬ ਅੰਦਰ 75 ਸਾਲਾਂ ਬਾਅਦ ਅਜਿਹਾ ਸ਼ਾਸਨ ਦੇਖਿਆ ਹੈ ਜਿਸ ਵਿਚ 50 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਮੁਹੱਲਾ ਕਲੀਨਿਕ ਤੇ ਸਕੂਲ ਬਣਾਏ ਗਏ ਹਨ। ਬਾਕੀ ਰਹਿੰਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ, ਪਰ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਸੂਬੇ ਅੰਦਰ 13 ਲੋਕ ਸਭਾ ਸੀਟਾਂ ਜਿਤਾ ਕੇ ਤੁਸੀਂ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ ਫਿਰ ਕੇਂਦਰ ਤੋਂ ਵੀ ਸਾਰੇ ਕੰਮ ਕਰਵਾ ਕੇ ਲਿਆਵਾਂਗੇ। ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਵਿਚ ਵੜਨ ਤੋਂ ਰੋਕਣ ਲਈ ਤਿੱਖੀਆਂ ਕਿੱਲਾਂ ਤੇ ਹੋਰ ਔਕੜਾਂ ਖੜ੍ਹੀਆਂ ਕੀਤੀਆਂ। ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਂ ਭਾਜਪਾ ਦੀ ਹੈ? ਉਨ੍ਹਾਂ ਕਿਹਾ ਕਿ ਇਹ ਦਿੱਲੀ ਤੁਹਾਡੀ ਹੈ ਸਾਡੀ ਹੈ ਅਤੇ ਆਮ ਲੋਕਾਂ ਦੀ ਹੈ ਇਥੇ ਜਾਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ।