ਆਈਐਮਡੀ ਨੇ ਆਪਣੇ ਤਾਜ਼ਾ ਬੁਲੇਟਿਨ ‘ਚ ਕਿਹਾ, “26-27 ਮਈ ਯਾਨੀ ਐਤਵਾਰ-ਸੋਮਵਾਰ ਨੂੰ ਪੱਛਮੀ ਬੰਗਾਲ ‘ਚ ਭਾਰੀ ਬਾਰਿਸ਼ (204.4 ਮਿਲੀਮੀਟਰ) ਹੋਣ ਦੀ ਸੰਭਾਵਨਾ ਹੈ।”
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰ-ਪੂਰਬੀ ਸੂਬਿਆਂ ਅਸਾਮ ਤੇ ਮੇਘਾਲਿਆ ਬਾਰੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਸੂਬਿਆਂ ‘ਚ 27-28 ਮਈ (ਸੋਮਵਾਰ-ਮੰਗਲਵਾਰ) ਨੂੰ ਭਾਰੀ ਮੀਂਹ (204.4 ਮਿਲੀਮੀਟਰ) ਹੋਣ ਦੀ ਸੰਭਾਵਨਾ ਹੈ।
ਇਕ ਪਾਸੇ ਜਿੱਥੇ ਉੱਤਰੀ ਭਾਰਤ ਦੇ ਸੂਬਿਆਂ ‘ਚ ਕੜਾਕੇ ਦੀ ਗਰਮੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਸਮੇਤ ਉੱਤਰ-ਪੂਰਬੀ ਸੂਬਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ਨਿਚਰਵਾਰ ਦੁਪਹਿਰ ਨੂੰ ਬਾਰਿਸ਼ ਨੂੰ ਲੈ ਕੇ ਵੱਡੀ ਤੇ ਮਹੱਤਵਪੂਰਨ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ 27 ਮਈ ਨੂੰ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ‘ਚ 28 ਮਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 27 ਅਤੇ 29 ਮਈ ਨੂੰ ਸੂਬੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਜਦੋਂਕਿ ਉੱਤਰੀ ਭਾਰਤ ਦੇ ਸੂਬਿਆਂ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ-ਐਨਸੀਆਰ, ਪੱਛਮੀ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵੀ ਲੂ ਤੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਆਈਐਮਡੀ ਨੇ ਕਿਹਾ ਹੈ ਕਿ ਇਨ੍ਹਾਂ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ‘ਚ ਭਿਆਨਕ ਲੂ ਚੱਲਣ ਦੀ ਸੰਭਾਵਨਾ ਹੈ। ਨਾਲ ਹੀ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਗਰਮੀ ਦੀ ਲਹਿਰ ਬਰਕਰਾਰ ਰਹੇਗੀ।