ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਚੋਣ ਹੈ। ਇਕ ਪਾਸੇ ਭਾਜਪਾ ਐੱਨਡੀਏ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ ਇੰਡੀ ਗੱਠਜੋੜ ਹੈ ਜਿਸ ਕੋਲ ਨਾ ਨੇਤਾ ਹੈ ਤੇ ਨਾ ਹੀ ਨੀਅਤ। ਇਕ ਪਾਸੇ ਮੋਦੀ ਹੈ ਜੋ ਲੜਾਕੂ ਜਹਾਜ਼ ਤੋਂ ਲੈ ਕੇ ਏਅਰ ਕਰਾਫਟ ਕੈਰੀਅਰ ਤੱਕ ਭਾਰਤ ’ਚ ਬਣਾ ਰਿਹਾ ਹੈ।
ਦੂਸਰੇ ਪਾਸੇ ਇੰਡੀ ਗੱਠਜੋੜ ਹੈ, ਜੋ ਲਿਖਤੀ ਰੂਪ ’ਚ ਕਹਿੰਦਾ ਹੈ ਕਿ ਸਾਨੂੰ ਪਰਮਾਣੂ ਹਥਿਆਰ ਖ਼ਤਮ ਕਰ ਦੇਣੇ ਚਾਹੀਦੇ ਹਨ। ਮੋਦੀ ਨੇ ਕਿਹਾ ਕਿ ਬੁੱਧ ਪੂਰਨਿਮਾ ਵਾਲੇ ਦਿਨ ਹੀ ਭਾਰਤ ਨੇ ਪਰਮਾਣੂ ਬੰਬ ਦਾ ਪ੍ਰੀਖਣ ਕਰ ਕੇ ਆਪਣੀ ਤਾਕਤ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਕ ਪਾਸੇ ਅੱਤਵਾਦੀਆਂ ਨੂੰ ਘਰ ’ਚ ਵੜ ਕੇ ਮਾਰਨ ਦਾ ਹੌਸਲਾ ਹੈ ਤੇ ਦੂਜੇ ਪਾਸੇ ਇੰਡੀ ਗੱਠਜੋੜ ਵਾਲੇ ਅੱਤਵਾਦੀਆਂ ਦੇ ਮਰਨ ’ਤੇ ਹੰਝੂ ਵਹਾਉਂਦੇ ਹਨ। ਉਨਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਹੈ ਜਿਸ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ’ਚੋਂ ਕੱਢਿਆ ਹੈ ਤੇ ਦੂਜੇ ਪਾਸੇ ਇੰਡੀ ਗੱਠਜੋੜ ਤੁਹਾਡੀ ਕਮਾਈ ਦਾ ਅੱਧਾ ਹਿੱਸਾ ਲੈਣਾ ਚਾਹੁੰਦਾ ਹੈ। ਇੰਡੀ ਗੱਠਜੋੜ ਦੇਸ਼ ਨੂੰ ਵੰਡਣਾ ਚਾਹੁੰਦਾ ਹੈ ਪਰ ਮੋਦੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦਾ ਹੈ। ਇਸ ਲਈ ਗੁਰੂਆਂ ਦੀ ਧਰਤੀ ’ਤੇ ਸਿਰ ਝੁਕਾ ਕੇ ਅਸ਼ੀਰਵਾਦ ਮੰਗਣ ਆਇਆ ਹਾਂ।
ਪੰਜਾਬ ’ਚ ਚੋਣ ਪ੍ਰਚਾਰ ਲਈ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪਟਿਆਲਾ ’ਚ ਆਪਣੀ ਪਹਿਲੀ ਰੈਲੀ ਦੌਰਾਨ ਕਾਂਗਰਸ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਭਾਰਤ-ਪਾਕਿ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ’ਚ ਹੋਈ ਦੇਰੀ ਲਈ ਵੀ ਕਾਂਗਰਸ ਨੂੰ ਦੋਸ਼ੀ ਮੰਨਿਆ।
ਸਥਾਨਕ ਮਹਾਰਾਜਾ ਭਾਲਿੰਦਰ ਸਿੰਘ ਪੋਲੋ ਗਰਾਊਂਡ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਬੰਗਲਾਦੇਸ਼ ਦੀ ਲੜਾਈ ਹੋਈ ਤਾਂ 90 ਹਜ਼ਾਰ ਤੋਂ ਵੱਧ ਪਾਕਿਸਤਾਨੀ ਫ਼ੌਜੀ ਆਤਮ-ਸਮਰਪਣ ਕਰ ਚੁੱਕੇ ਸਨ। ਹੁਕਮ ਦਾ ਪੱਤਾ ਸਾਡੇ ਹੱਥ ’ਚ ਸੀ। ਜੇਕਰ ਉਸ ਸਮੇਂ ਮੋਦੀ ਹੁੰਦਾ ਤਾਂ ਪਹਿਲਾਂ ਕਰਤਾਰਪੁਰ ਸਾਹਿਬ ਵਾਪਸ ਲੈਂਦਾ ਤੇ ਫਿਰ ਪਾਕਿਸਤਾਨੀ ਫ਼ੌਜ ਦੇ ਜਵਾਨ ਛੱਡਦਾ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਤਾਂ ਨਹੀਂ ਕਰ ਸਕੇ ਪਰ ਅੱਜ ਕਰਤਾਰਪੁਰ ਸਾਹਿਬ ਕਾਰੀਡੋਰ ਸਾਡੇ ਸਾਹਮਣੇ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਲਈ ਦੇਸ਼ ਦਾ ਬਟਵਾਰਾ ਕੀਤਾ। ਬਟਵਾਰਾ ਵੀ ਅਜਿਹਾ ਕੀਤਾ ਕਿ 70 ਸਾਲਾਂ ਤੱਕ ਸਾਨੂੰ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਕਰਨੇ ਪੈਂਦੇ ਸਨ। ਪਰ ਹੁਣ ਅਜਿਹਾ ਨਹੀਂ ਹੈ, ਸ਼ਰਧਾਲੂ ਪੂਰੇ ਸਨਮਾਨ ਨਾਲ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਹਨ।
ਮੋਦੀ ਨੇ ਕਿਹਾ ਕਿ ਰਾਸ਼ਟਰ, ਆਸਥਾ ਤੇ ਸੰਸਕ੍ਰਿਤੀ ਦੀ ਰਾਖੀ ਜਾਂ ਦੇਸ਼ ਦਾ ਵਿਕਾਸ ਹੋਵੇ, ਪੰਜਾਬ ਤੇ ਸਿੱਖ ਸਮਾਜ ਨੇ ਹਮੇਸ਼ਾ ਅੱਗੇ ਵੱਧ ਕੇ ਕੰਮ ਕੀਤਾ ਹੈ। ਖੇਤੀ ਤੋਂ ਲੈ ਕੇ ਉਦਯੋਗ ਤੱਕ ’ਚ ਦੇਸ਼ ਦੀ ਅਗਵਾਈ ਕੀਤੀ ਹੈ, ਪਰ ਕੱਟੜ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੇ ਹਾਲਾਤ ਖ਼ਰਾਬ ਕੀਤੇ। ਉਦਯੋਗ ਖ਼ਤਮ ਹੋ ਰਿਹਾ ਹੈ, ਨਸ਼ਾ ਵਧ ਰਿਹਾ ਹੈ। ਮੋਦੀ ਨੇ ਕਿਹਾ ਕਿ ਇੱਥੇ ਸੂਬਾ ਸਰਕਾਰ ਦਾ ਰਾਜ ਨਹੀਂ ਚੱਲਦਾ ਸਗੋਂ ਸ਼ੂਟਰ ਗੈਂਗ, ਰੇਤ ਮਾਫੀਆ ਦਾ ਰਾਜ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰਜ਼ੇ ’ਤੇ ਚੱਲ ਰਹੀ ਹੈ। ਸਾਰੇ ਮੰਤਰੀ ਤੇ ਸੰਤਰੀ ਮੌਜ ਕਰ ਰਹੇ ਹਨ। ਕਾਗ਼ਜ਼ੀ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ’ਚ ਹਾਜ਼ਰੀ ਲਗਵਾਉਣ ਤੋਂ ਵਿਹਲ ਨਹੀ। ਇਹੋ ਜਿਹੇ ਲੋਕ ਵਿਕਾਸ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਤੇ ਸਿੱਖ ਦੰਗੇ ਦੀ ਦੋਸ਼ੀ ਪਾਰਟੀ ਆਹਮੋ-ਸਾਹਮਣੇ ਲੜਨ ਦਾ ਡਰਾਮਾ ਕਰ ਰਹੇ ਹਨ। ਸੱਚਾਈ ਇਹ ਹੈ ਕਿ ਪੰਜਾ ਤੇ ਝਾੜੂ, ਪਾਰਟੀਆਂ ਤਾਂ ਦੋ ਹਨ ਪਰ ਦੁਕਾਨ ਇਕ ਹੀ ਹੈ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ, ਉਹ ਨਾ ਪੰਜਾਬ ਦਾ ਭਲਾ ਕਰ ਸਕਦੇ ਹਨ ਤੇ ਨਾ ਤੁਹਾਡੇ ਬੱਚਿਆਂ ਦਾ।
ਪੀਐੱਮ ਮੋਦੀ ਨੇ ਕਿਹਾ ਕਿ ਇੰਡੀ ਗੱਠਜੋੜ ਵਾਲੇ ਕਿਸਾਨਾਂ ਨਾਲ ਝੂਠ ਬੋਲਦੇ ਹਨ। ਭਾਜਪਾ ਨੇ ਪਿਛਲੇ 10 ਸਾਲਾਂ ’ਚ ਪੰਜਾਬ ਤੋਂ ਝੋਨਾ ਤੇ ਕਣਕ ਦੀ ਰਿਕਾਰਡ ਖ਼ਰੀਦ ਕੀਤੀ ਹੈ। ਐੱਮਐੱਸਪੀ ’ਚ ਢਾਈ ਗੁਣਾ ਵਾਧਾ ਕੀਤਾ ਹੈ। ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਕਿਸਾਨ ਮਿਲ ਚੁੱਕੇ ਹਨ। ਧਰਤੀ ਨੂੰ ਦਵਾਈਆਂ ਤੋਂ ਬਚਾਉਣ ਲਈ ਭਾਜਪਾ ਸਰਕਾਰ ਕੁਦਰਤੀ ਖੇਤੀ ’ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਉਦੋਂ ਹੀ ਵਿਕਸਿਤ ਹੋਵੇਗਾ ਜਦੋਂ ਪਟਿਆਲਾ ਵਰਗੇ ਕੇਂਦਰ ਵਿਕਸਿਤ ਹੋਣਗੇ। ਆਉਣ ਵਾਲੇ ਪੰਜ ਸਾਲਾਂ ’ਚ ਭਾਰਤ ਵੱਡਾ ਉਤਪਾਦਕ ਦੇਸ਼ ਬਣਨ ਵੱਲ ਵੱਧ ਰਿਹਾ ਹੈ, ਜਿਸ ਦਾ ਸਿੱਧਾ ਲਾਭ ਪੰਜਾਬ ਤੇ ਪਟਿਆਲਾ ਵਰਗੇ ਸ਼ਹਿਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਭਾਰਤ ਨੂੰ ਖੇਡ ਮਹਾਸ਼ਕਤੀ ਬਣਾਉਣ ਦਾ ਹੈ, 2029 ਯੂਥ ਓਲੰਪਿਕ ਹੋਵੇਗਾ ਤੇ 2036 ਓਲੰਪਿਕ ਭਾਰਤ ’ਚ ਕਰਵਾਉਣ ਦੀ ਤਿਆਰੀ ਹੈ। ਇਸ ਲਈ ਪਹਿਲੀ ਜੂਨ ਨੂੰ ਵਿਕਸਿਤ ਭਾਰਤ, ਵਿਕਸਿਤ ਪੰਜਾਬ ਤੇ ਵਿਕਸਿਤ ਪਟਿਆਲਾ ਲਈ ਭਾਜਪਾ ਨੂੰ ਵੋਟ ਪਾਓ।
ਪੀਐੱਮ ਮੋਦੀ ਨੇ ਕਿਹਾ ਕਿ ਇੰਡੀ ਗੱਠਜੋੜ ਨੂੰ ਨਾ ਵਿਕਾਸ ਦੀ ਚਿੰਤਾ ਹੈ ਤੇ ਨਾ ਹੀ ਵਿਰਾਸਤ ਦੀ। ਆਜ਼ਾਦੀ ਤੋਂ ਬਾਅਦ ਦੂਜੇ ਦਿਨ ਹੀ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਅਜਿਹਾ ਨਹੀਂ ਹੋਣ ਦਿੱਤਾ। ਹੁਣ ਮੰਦਰ ਬਣ ਗਿਆ ਤਾਂ ਵੀ ਮਾੜਾ ਬੋਲ ਰਹੇ ਹਨ। ਗੱਠਜੋੜ ਵਾਲਿਆਂ ਨੂੰ ਹਰ ਉਸ ਗੱਲ ਤੋਂ ਨਫ਼ਰਤ ਹੈ, ਜਿਸ ਨਾਲ ਸਾਡੀ ਆਸਥਾ ਦਾ ਸਨਮਾਨ ਹੁੰਦਾ ਹੈ। ਮੋਦੀ ਨੇ ਕਿਹਾ ਕਿ ਇੰਡੀ ਗੱਠਜੋੜ ਵਾਲੇ ਫ਼ਿਰਕੂ, ਪਰਿਵਾਰਵਾਦੀ ਤੇ ਜਾਤੀਵਾਦੀ ਹਨ। ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਪੰਜਵੇਂ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਹਨ। ਜਨਤਾ ਨੇ ਫਿਰ ਇਕ ਵਾਰ ਮੋਦੀ ਸਰਕਾਰ ’ਤੇ ਮੋਹਰ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟ ਉਸ ਨੂੰ ਦਿਓ ਜੋ ਸਰਕਾਰ ਬਣਾਵੇ, ਵਿਕਸਿਤ ਪੰਜਾਬ ਬਣਾਉਣ ਦੀ ਇੱਛਾ ਰੱਖਦਾ ਹੋਵੇ ਤੇ ਵਿਕਸਿਤ ਦੇਸ਼ ਦਾ ਸੰਕਲਪ ਲੈ ਕੇ ਚੱਲਿਆ ਹੋਵੇ।