ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੁਖਤਾ ਪ੍ਰਬੰਧਾਂ ਵਿਚ ਲੱਗੀਆਂ ਹੋਈਆਂ ਹਨ। ਰੈਲੀ ਵਾਲੇ ਮੈਦਾਨ ਅਤੇ ਆਸ ਪਾਸ ਦੀਆਂ ਸੜਕਾਂ ’ਤੇ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ।
ਪੋਲੋ ਗਰਾਉਂਡ ਵੱਲ ਜਾਣ ਵਾਲੀ ਹਰ ਸੜਕ ਦੇ ਮੋੜ ਅਤੇ ਚੌਕ ’ਤੇ ਪੁਲਿਸ ਨਾਕੇ ਲਗਾ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪੋਲੋ ਗਰਾਉਂਡ ਦੇ ਆਸ ਪਾਸ ਆਦਮ ਕੱਦ ਬੈਰੀਕੇਟ, ਮਿੱਟੀ ਦੇ ਟਿੱਪਰ, ਪਾਣੀ ਵਾਲੀ ਤੋਪਾਂ, ਐਂਬੁਲੈਂਸ ਅਤੇ ਪੰਜ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਵਲੋਂ ਸੀਸੀਟੀਵੀ ਕੈਮਰੇ ਅਤੇ ਡਰੋਨ ਕੈਮਰਿਆਂ ਨਾਲ ਰੈਲੀ ਵਾਲੀ ਜਗ੍ਹਾ ’ਤੇ ਨਜ਼ਰ ਰੱਖੀ ਜਾਵੇਗੀ।
ਸੰਯੁਕਤ ਕਿਸਾਨ ਮੋਰਚਾ ਵਲੋਂ 23 ਮਈ ਨੂੰ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਖਾਤਰ ਪਟਿਆਲਾ ਫੇਰੀ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ। ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 37 ਕਿਸਾਨ ਜਥੇਬੰਦੀਆਂ ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਥਾਵਾਂ ਤੋਂ ਦੁਪਹਿਰ ਤਿੰਨ ਵਜੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਫਲੇ ਇਕੱਠੇ ਹੋ ਕੇ ਸ਼ਹਿਰ ਵੱਲ ਕੂਚ ਕਰਨਗੇ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਰਾਮਿੰਦਰ ਸਿੰਘ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਬੂਟਾ ਸਿੰਘ ਸ਼ਾਦੀਪੁਰ ਅਤੇ ਹਰਬੰਸ ਸਿੰਘ ਦਦਹੇੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਕੌਰਜੀਵਾਲਾ, ਬੀਕੇਯੂ ਡਕੌਂਦਾ ਦੇ ਗੁਰਬਚਨ ਸਿੰਘ ਕਨਸੂਹਾ,ਕੁਲ ਹਿੰਦ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੌਲਵੀਵਾਲਾ, ਬੀਕੇਯੂ ਰਾਜੇਵਾਲ ਦੇ ਹਜੂਰਾ ਸਿੰਘ, ਬੀਕੇਯੂ ਲੱਖੋਵਾਲ ਦੇ ਜਸਵੀਰ ਸਿੰਘ ਖੇੜੀ ਰਾਜੂ, ਕੁਲ ਹਿੰਦ ਕਿਸਾਨ ਸਭਾ ਦੇ ਧਰਮਪਾਲ ਸੀਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ ਆਦਿ ਹਾਜ਼ਰ ਸਨ।
ਕਿਸਾਨਾਂ ਵਲੋਂ ਵਿਰੋਧ ਦੇ ਐਲਾਨ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਐੱਮਐੱਸਪੀ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਹੈ, ਦੁਗਣੀ ਵੀ ਹੋਈ ਹੈ ਪਰ ਕਿਸਾਨ ਦਾ ਗੁਜਾਰਾ ਨਹੀਂ ਚੱਲ ਰਿਹਾ ਹੈ। ਇਸ ਲਈ ਆਮਦਨ ਵਧਾਉਣ ਦੀ ਲੋੜ ਹੈ ਅਤੇ ਬੈਠ ਕੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ। ਪ੍ਰਧਾਨ ਜਾਖੜ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ, ਹਰ ਮਸਲੇ ਦਾ ਹੱਲ ਲੋਕਤਾਂਤਰਿਕ ਢੰਗ ਨਾਲ ਕਰਵਾਇਆ ਜਾਵੇਗਾ। ਕਿਸਾਨੀ ਮੁੱਦਿਆਂ ਦਾ ਹੱਲ ਕੇਂਦਰ ਸਰਕਾਰ ਨੇ ਹੀ ਕਰਨਾ ਹੈ, ਪੰਜਾਬ ਦੀ ਸਰਕਾਰ ਕੁਝ ਵੀ ਨਹੀਂ ਸੰਵਾਰ ਸਕਦੀ, ਇਸ ਲਈ ਕਿਸਾਨ ਵਿਰੋਧ ਕਰਨ ਦੀ ਬਜਾਏ ਭਾਜਪਾ ਦਾ ਸਾਥ ਦੇਣ।