ਮੋਹਾਲੀ : 25 ਤੋਂ 28 ਨਵੰਬਰ ਤੱਕ ਮੋਹਾਲੀ ਗੋਲਫ ਰੇਂਜ ਅਤੇ ਫੇਜ਼-11 ਰੇਲਵੇ ਟਰੈਕ ਨੇੜੇ ਮੁੱਖ ਸੜਕ ’ਤੇ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮੋਰਚਾ ਵਲੋਂ ਪ੍ਰਸਤਾਵਿਤ ਧਰਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਫੈਦਾਂ ਬੈਰੀਅਰ/ਜੰਕਸ਼ਨ ਨੰਬਰ 63 (ਈਸਟ ਰੋਡ) ਤੋਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਮੋਹਾਲੀ ਨੂੰ ਜਾਣ ਵਾਲੀ ਸੜਕ ਧਰਨੇ ਤੱਕ ਬੰਦ ਰਹੇਗੀ।
ਇਸ ਲਈ ਆਮ ਲੋਕਾਂ ਲਈ ਮਾਰਗ ਤਿਆਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਬੈਸਟੇਕ ਮਾਲ ਵਲੋਂ ਇੰਟਰਨੈਸ਼ਨਲ ਏਅਰਪੋਰਟ ਜਾਣ ਵਾਲੇ ਲੋਕਾਂ ਨੂੰ ਫੈਦਾਂ ਬੈਰੀਅਰ ਤੋਂ ਸੱਜੇ ਮੁੜ ਕੇ ਫਿਰ ਸਲਿੱਪ ਰੋਡ ਤੋਂ ਖੱਬੇ ਮੁੜ ਕੇ ਸੈਕਟਰ 46/47/48/49 ਚੌਂਕ ਤੋਂ ਏਅਰਪੋਰਟ ਰੋਡ ਵੱਲ ਜਾਣਾ ਪਵੇਗਾ।
ਉੱਥੇ ਹੀ ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ ਅਤੇ ਸਿਰਸਾ ਵੱਲ ਜਾਣ ਵਾਲੇ ਲੋਕਾਂ ਨੂੰ ਟ੍ਰਿਬਿਊਨ ਚੌਂਕ ਤੋਂ ਜ਼ੀਰਕਪੁਰ ਦਾ ਰਾਹ ਅਪਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਟ੍ਰਿਬਿਊਨ ਚੌਂਕ ਤੋਂ ਇੰਟਰਨੈਸ਼ਨਲ ਏਅਰਪੋਰਟ ਵਾਲੀ ਸੜਕ ਨਾ ਫੜ੍ਹਨਾ।