ਕੈਨੇਡਾ ਦੇ ਪਿ੍ਰੰਸ ਐਡਵਰਡ ਆਈਲੈਂਡ ਸੂਬੇ ’ਚ ਭਾਰਤੀ ਵਿਦਿਆਰਥੀਆਂ ’ਤੇ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਗਈ ਹੈ। ਇਸ ਦੇ ਵਿਰੋਧ ’ਚ ਸੈਂਕੜੇ ਭਾਰਤੀ ਵਿਦਿਆਰਥੀ ਪਿਛਲੇ ਦੋ ਹਫ਼ਤਿਆਂ ਤੋਂ ਸੜਕਾਂ ’ਤੇ ਰੋਸ ਮੁਜ਼ਾਹਰਾ ਕਰ ਰਹੇ ਹਨ।
ਕੈਨੇਡਾ ਦੇ ਪਿ੍ਰੰਸ ਐਡਵਰਡ ਆਈਲੈਂਡ ਸੂਬੇ ’ਚ ਭਾਰਤੀ ਵਿਦਿਆਰਥੀਆਂ ’ਤੇ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਗਈ ਹੈ। ਇਸ ਦੇ ਵਿਰੋਧ ’ਚ ਸੈਂਕੜੇ ਭਾਰਤੀ ਵਿਦਿਆਰਥੀ ਪਿਛਲੇ ਦੋ ਹਫ਼ਤਿਆਂ ਤੋਂ ਸੜਕਾਂ ’ਤੇ ਰੋਸ ਮੁਜ਼ਾਹਰਾ ਕਰ ਰਹੇ ਹਨ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੂੰ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਦਾ ਕਹਿਣਾ ਹੈ ਕਿ ਕੈਨੇਡਾ ’ਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਸਟਡੀ ਵੀਜ਼ੇ ’ਤੇ ਗਏ ਹੋਏ ਹਨ। ਸਾਡੇ ਧਿਆਨ ’ਚ ਨਹੀਂ ਆਇਆ ਕਿ ਕੁਝ ਵਿਦਿਆਰਥੀ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ। ਓਧਰ, ਰੋਸ ਮੁਜ਼ਾਹਰਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਆਪਣਾ ਅਧਿਕਾਰ ਲੈਣ ਲਈ ਸੰਘਰਸ਼ ਜਾਰੀ ਰੱਖਣਗੇ। ਮੀਡੀਆ ’ਚ ਛਪੀਆਂ ਰਿਪੋਰਟਾਂ ਮੁਤਾਬਕ, ਕੈਨੇਡਾ ਪਿ੍ਰੰਸ ਐਡਵਰਡ ਆਈਲੈਂਡ ਸੂਬੇ ਵੱਲੋਂ ਹੁਣੇ ਜਿਹੇ ਇਮੀਗ੍ਰਾਂਟਸ ਦੀ ਗਿਣਤੀ ਘਟਾਉਣ ਲਈ ਪ੍ਰੋਵਿਨਸ਼ੀਅਲ ਨੋਮਿਨੀ ਪ੍ਰੋਗਰਾਮ (ਪੀਐੱਨਪੀ) ਦੇ ਨਿਯਮਾਂ ’ਚ ਅਚਾਨਕ ਤਬਦੀਲੀ ਕੀਤੀ ਗਈ ਹੈ ਕਿਉਂਕਿ ਉੱਥੇ ਵੱਡੀ ਗਿਣਤੀ ਇਮੀਗ੍ਰਾਂਟਸ ਦੇ ਆਉਣ ਨਾਲ ਸਿਹਤ ਪ੍ਰਣਾਲੀ ਤੇ ਰਿਹਾਇਸ਼ ਮੁਹੱਈਆ ਕਰਵਾਉਣੀ ਮੁਸ਼ਕਲ ਹੋ ਗਈ ਸੀ। ਪ੍ਰਦਰਸ਼ਨਕਾਰੀ ਭਾਰਤੀਆਂ ਨੇ ਸੂਬਾ ਸਰਕਾਰ ’ਤੇ ਦੋਸ਼ ਲਾਏ ਹਨ ਕਿ ਉਸ ਨੇ ਇਮੀਗੇ੍ਰਸ਼ਨ ਨਿਯਮਾਂ ’ਚ ਅਚਾਨਕ ਤਬਦੀਲੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਵਰਕ ਪਰਮਿਟ ਦੇਣ ਤੋਂ ਇਨਕਾਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ, ਇਨ੍ਹਾਂ ਭਾਰਤੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕਰ ਲਈ ਹੈ ਅਤੇ ਹੁਣ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਵਰਕ ਪਰਮਿਟ ਵਧਾਇਆ ਜਾਵੇ ਅਤੇ ਤਾਜ਼ਾ ਬਦਲੀਆਂ ਗਈਆਂ ਇਮੀਗੇ੍ਰਸ਼ਨ ਨੀਤੀਆਂ ’ਤੇ ਮੁੜ ਨਜ਼ਰਸਾਨੀ ਕੀਤੀ ਜਾਵੇ।ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਰੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ 2023 ’ਚ ਭਾਰਤ ਤੋਂ ਇੱਥੇ ਸਟਡੀ ਵੀਜ਼ੇ ’ਤੇ ਆਏ ਸਨ। ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਪੀਐੱਨਪੀ ਨਿਯਮਾਂ ’ਚ ਕੀਤੀ ਗਈ ਤਬਦੀਲੀ ਉਨ੍ਹਾਂ ਉੱਪਰ ਲਾਗੂ ਨਾ ਹੋਵੇ ਕਿਉਂਕਿ ਉਹ ਪਹਿਲਾਂ ਤੋਂ ਇੱਥੇ ਹਨ ਤੇ ਸਹੀ ਵਰਕ ਪਰਮਿਟ ’ਤੇ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਪੁਰਾਣੇ ਨਿਯਮਾਂ ਤਹਿਤ ਹੀ ਇੱਥੇ ਰਹਿਣ ਦੀ ਆਗਿਆ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਵਰਕ ਪਰਮਿਟ ’ਚ ਵਾਧਾ ਕੀਤਾ ਜਾਵੇ। ਰੁਪਿੰਦਰਪਾਲ ਸਿੰਘ ਮੁਤਾਬਕ, ਉਹ ਬੀਤੀ 9 ਮਈ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ 23 ਮਈ ਨੂੰ ਉਨ੍ਹਾਂ ਨੇ ਇਸ ਸਬੰਧੀ ਮੀਟਿੰਗ ਵੀ ਰੱਖੀ ਹੈ।