ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਸੁਖਵਿੰਦਰ ਕੁਮਾਰ ਦਾ ਅਸਲਾ ਆਪਣੇ ਕੋਲ ਰੱਖ ਕੇ ਉਸ ਨੂੰ ਇਕ ਤੋਂ ਦੂਜੀ ਥਾਂ ਤੱਕ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰ ਕੇ ਉਸ ਦਾ ਸਾਥ ਦਿੱਤਾ ਹੈ…
ਸੀਆਈਏ ਸਟਾਫ ਨਵਾਂਸ਼ਹਿਰ ਦੀ ਪੁਲਿਸ ਨੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਤਿੰਨ ਨਾਜਾਇਜ਼ ਹਥਿਆਰਾਂ ਤੇ ਰੌਂਦ ਸਮੇਤ ਕਾਬੂ ਕੀਤਾ ਹੈ।ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 17 ਮਈ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦੀਪਕ ਕੁਮਾਰ ਵਾਸੀ ਮੁਹੱਲਾ ਘਾਟੀ ਤੇਲੀਆਂ ਰਾਹੋਂ, ਪ੍ਰਭਜੋਤ ਸਿੰਘ ਵਾਸੀ ਮਹਿਤਪੁਰ ਉਲੱਦਣੀ, ਸਿਮਰਨਜੀਤ ਸਿੰਘ ਵਾਸੀ ਦੁਧਾਲਾ, ਅਮਨਪ੍ਰੀਤ ਸਿੰਘ ਵਾਸੀ ਸੁੱਜੋਂ ਗੈਂਗਸਟਰਾਂ ਦਾ ਨਾਜਾਇਜ਼ ਅਸਲਾ ਸੰਭਾਲਦੇ ਹਨ ਤੇ ਇਕ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਂਦੇ ਹਨ। ਜੋ ਗੈਂਗਸਟਰ ਵਾਰਦਾਤਾਂ ਕਰ ਕੇ ਭੱਜੇ ਹੋਏ ਹਨ, ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਕਰਦੇ ਹਨ। ਪੁਲਿਸ ਨੇ ਇਨ੍ਹਾਂ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਕੀਤੀ ਤਾਂ ਉਕਤ ਚਾਰ ਵਿਅਕਤੀ ਜੋ ਬਰੀਜ਼ਾ ਕਾਰ ਨੰ: ਪੀਬੀ 20 ਡੀ 7803 ’ਚ ਆ ਰਹੇ ਸਨ, ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਇਕ ਪਿਸਤੌਲ 32 ਬੋਰ, ਇਕ ਰਿਵਾਲਵਰ 32 ਬੋਰ ਅਤੇ 11 ਰੌਂਦ ਬ੍ਰਾਮਦ ਕੀਤੇ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਅਸਲਾ ਉਨ੍ਹਾਂ ਨੂੰ ਸੁਖਵਿੰਦਰ ਕੁਮਾਰ ਵਾਸੀ ਗੜਪਧਾਣਾ ਨੇ ਦਿੱਤਾ ਸੀ। ਪੁੱਛਗਿਛ ਤੋਂ ਬਾਅਦ ਮੁਕੱਦਮੇ ਵਿਚ ਲਖਵਿੰਦਰ ਕੁਮਾਰ ਵਾਸੀ ਗੜਪਧਾਣਾ, ਮੋਹਿਤ ਧੀਰ ਵਾਸੀ ਹੁਸੈਨਪੁਰ ਅਤੇ ਮਾਨਵ ਬਾਲੂ ਵਾਸੀ ਕਰੀਹਾ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ। ਲਖਵਿੰਦਰ ਕੁਮਾਰ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਰੌਂਦ ਤੇ ਮੋਹਿਤ ਧੀਰ ਕੋਲੋਂ ਤਿੰਨ ਰੌਂਦ 32 ਬੋਰ ਬਰਾਮਦ ਕੀਤੇ ਗਏ। ਸੁਖਵਿੰਦਰ ਕੁਮਾਰ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਸੁਖਵਿੰਦਰ ਕੁਮਾਰ ਦਾ ਅਸਲਾ ਆਪਣੇ ਕੋਲ ਰੱਖ ਕੇ ਉਸ ਨੂੰ ਇਕ ਤੋਂ ਦੂਜੀ ਥਾਂ ਤੱਕ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰ ਕੇ ਉਸ ਦਾ ਸਾਥ ਦਿੱਤਾ ਹੈ। ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਜਿਨ੍ਹਾਂ ਤੋਂ ਪੁੱਛਗਿਛ ਜਾਰੀ ਹੈ। ਐੱਸਐੱਸਪੀ ਨੇ ਦੱਸਿਆ ਕਿ ਦੀਪਕ ਕੁਮਾਰ, ਪ੍ਰਭਜੋਤ ਸਿੰਘ, ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਲਖਵਿੰਦਰ ਕੁਮਾਰ, ਮੋਹਿਤ ਧੀਰ, ਮਾਨਵ ਬਾਲੂ ਤੋਂ 2 ਦੇਸੀ ਪਿਸਤੌਲ 32 ਬੋਰ, 11 ਰੌਂਦ, 1 ਦੇਸੀ ਰਿਵਾਲਵਰ 32 ਬੋਰ ਸਮੇਤ 6 ਰੌਂਦ, ਕਾਰ ਮਾਰਕਾ ਬਰੀਜਾ ਨੰਬਰੀ ਪੀਬੀ20 ਡੀ 7803 ਬਰਾਮਦ ਕੀਤੀ ਗਈ ਹੈ।





