ਸੰਯੁਕਤ ਕਿਸਾਨ ਮੋਰਚੇ ਨੇ ਰਿਟਰਨਿੰਗ ਅਫਸਰ ਨੂੰ ਕੀਤੀ ਸੀ ਸ਼ਿਕਾਇਤ
ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਟਰਨਿੰਗ ਅਫਸਰ ਫ਼ਰੀਦਕੋਟ ਨੂੰ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਹੰਸ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਹੰਸ ਨੇ ਰਿਟਰਨਿੰਗ ਅਫ਼ਸਰ ਕੋਲ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਅਹੁਦੇਦਾਰਾਂ ਨੇ ਰਿਟਰਨਿੰਗ ਅਫ਼ਸਰ ਫ਼ਰੀਦਕੋਟ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਬੀਹਲੇਵਾਲਾ ਵਿਚ ਭਾਜਪਾ ਉਮੀਦਵਾਰ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸੀ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਹੰਸ ਨੇ ਕਿਸਾਨਾਂ ਪ੍ਰਤੀ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ, ਉਸ ਨਾਲ ਸ਼ਾਂਤੀ ਭੰਗ ਹੋਣ ਦਾ ਡਰ ਹੈ। ਰਿਟਰਨਿੰਗ ਅਫਸਰ ਵਿਨੀਤ ਕੁਮਾਰ ਨੇ ਹੰਸ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਸਬੰਧ ਵਿਚ ਸੋਮਵਾਰ ਨੂੰ ਹੰਸ ਦੇ ਚੋਣ ਏਜੰਟ ਰਾਕੇਸ਼ ਕੁਮਾਰ ਨੇ ਜਵਾਬ ਦਾਖ਼ਲ ਕਰਵਾ ਦਿੱਤਾ ਹੈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਦਾਖ਼ਲ ਕੀਤੇ ਜਵਾਬ ਵਿਚ ਕਿਹਾ ਹੈ ਕਿ ਕੁਝ ਲੋਕਾਂ ਨੇ ਹੰਸ ਦੇ ਸਮੱਰਥਕ ਖ਼ਿਲਾਫ਼ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਉਕਤ ਗੱਲ ਹੋਈ ਪਰ ਭੜਕਾਊ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ।





