ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ 1 ਜੂਨ ਨੂੰ ਪੈ ਰਹੀਆਂ ਹਨ ਤੇ ਕੌਮ ਨੂੰ 1 ਜੂਨ 1984 ਨੂੰ ਨਹੀਂ ਭੁੱਲਣਾ ਚਾਹੀਦਾ ਜਦੋਂ ਕਿ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿਚ ਸੂਬੇ ਦਾ ਕਦੀ ਵੀ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹੋ ਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਜਿੱਥੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਮੁੜ ਤੋਂ ਹੁਣ ਲੋਕਾਂ ਨੂੰ ਝਾਂਸੇ ਵਿਚ ਲਿਜਾ ਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਸੂਬੇ ਦੇ ਲੋਕ ਸੂਝਵਾਨ ਹਨ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਰਕਤਾਂ ਕਾਰਨ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਸ਼ਰਮਿੰਦਾ ਹੋਣਾ ਪਿਆ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅੱਜ ਵੀਆਈਪੀ ਕਲਚਰ ਨੂੰ ਵਧਾਇਆ ਜਾ ਰਿਹਾ ਹੈ ਜਦਕਿ ਇਹ ਪਾਰਟੀ ਚੋਣਾਂ ਤੋਂ ਪਹਿਲਾਂ ਵੀਆਈਪੀ ਕਲਚਰ ਖ਼ਤਮ ਕਰਨ ਦੇ ਦਾਅਵੇ ਕਰਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਰੀਦਕੋਟ ਨੂੰ ਅੱਖੋਂ ਓਹਲੇ ਹੀ ਕੀਤਾ ਹੈ।ਇਸ ਮੌਕੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦੇ ਗਿਰਦਾਵਰੀ ਤੋਂ ਪਹਿਲਾਂ 25 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ, ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਹੀਨਾ ਦੇਣ, ਘਰ-ਘਰ ਰਾਸ਼ਨ ਪਹੁੰਚਾਉਣ ਸਣੇ ਹੋਰ ਕਿੰਨੇ ਹੀ ਵਾਅਦੇ ਕੀਤੇ ਗਏ ਸਨ, ਜੋ ਅਜੇ ਤੱਕ ਵਫ਼ਾ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਈਟੀ ਵਿੰਗ ਵੱਲੋਂ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ’ਤੇ ਅਕਾਲੀ ਦਲ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਰੈਲੀ ਨੂੰ ਜਥੇ. ਸ਼ੇਰ ਸਿੰਘ ਮੰਡ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ ਬਰਗਾੜੀ ਅਤੇ ਕੁਲਬੀਰ ਸਿੰਘ ਮੱਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯਾਦਵਿੰਦਰ ਸਿੰਘ ਜ਼ੈਲਦਾਰ, ਪਰਗਟ ਸਿੰਘ ਬਰਾੜ ਡੋਡ, ਨਿਰਮਲ ਸਿੰਘ ਵੜਿੰਗ ਡੋਡ, ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ, ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਬਿੰਦਰ ਸਿੰਘ ਬਰਾੜ ਰੋੜੀਕਪੂਰਾ, ਜਸਕਰਨ ਸਿੰਘ ਬਰਾੜ ਨਵਾਂ ਰੋੜੀਕਪੂਰਾ, ਭੋਲਾ ਸਿੰਘ ਧਾਲੀਵਾਲ ਰਾਮੇਆਣਾ, ਸੱਤਪਾਲ ਜਿੰਦਲ ਜੈਤੋ, ਭੀਮ ਸੈਨ ਜਿੰਦਲ ਜੈਤੋ, ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਰੋੜੀਕਪੂਰਾ, ਸਾਬਕਾ ਸਰਪੰਚ ਹਰਬੰਸ ਸਿੰਘ ‘ਬੰਸੀ ਸਿੱਧੂ’ ਬਿਸ਼ਨੰਦੀ, ਖੁਸ਼ਵੰਤ ਸਿੰਘ ਬਰਾੜ ਡੋਡ, ਅੰਕੁਸ਼ ਬਾਂਸਲ ਜੈਤੋ ਆਦਿ ਹਾਜ਼ਰ ਸਨ।