ਕਿਸਾਨਾਂ ਖਿਲਾਫ਼ ਸਖ਼ਤ ਭਾਸ਼ਾ ਵਰਤਣ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹੰਸ ਰਾਜ ਹੰਸ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।
ਰਾਜ ਗਾਇਕ ਅਤੇ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਿਸਾਨਾਂ ਖਿਲਾਫ਼ ਸਖ਼ਤ ਭਾਸ਼ਾ ਵਰਤਣ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹੰਸ ਰਾਜ ਹੰਸ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਆਪ ਨੇ ਇਸਦਾ ਇਕ ਉਤਾਰਾ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਵੀ ਭੇਜਿਆ ਹੈ।ਆਪ ਨੇ ਐਡਵੋਕੇਟ ਫੈਰੀ ਸੋਫਤ ਦੇ ਮਾਰਫ਼ਤ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਰੇਆਮ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ, ਇਕ ਵੀਡਿਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹੰਸ ਰਾਜ ਕਿਸਾਨਾਂ ਨੂੰ ਧਮਕੀਆਂ ਦਿੰਦਿਆਂ ਹੋਇਆ ਨਫ਼ਰਤੀ ਭਾਸ਼ਣ ਦੇ ਰਿਹਾ ਹੈ। ਜਿਸ ਨਾਲ ਸਮਾਜ ਵਿਚ ਵੰਡੀਆਂ ਪੈਣ ਦਾ ਡਰ ਹੈ। ਇਹ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਹੈ ਸਗੋਂ ਅਪਰਾਧ ਵੀ ਹੈ। ਪਾਰਟੀ ਨੇ ਹੰਸ ਰਾਜ ਹੰਸ ਖਿ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ‘ਆਪ’ ਵੱਲੋਂ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਜਾਣਬੁੱਝ ਕੇ ਭੜਕਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਭੜਕ ਜਾਣ ਅਤੇ ਸੂਬੇ ਦੀ ਸ਼ਾਂਤੀ ਭੰਗ ਹੋਵੇ। ਪਾਰਟੀ ਵੱਲੋਂ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਬੇਹੱਦ ਚਿੰਤਾਜਨਕ ਅਤੇ ਅਸਵੀਕਾਰਨਯੋਗ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਜਨਤਾ ਦਾ ਨੁਮਾਇੰਦਾ ਬਣਨ ਲਈ ਚੋਣ ਲੜ ਰਿਹਾ ਹੈ, ਪਰ ਲੋਕਾਂ ਨੂੰ ਡਰਾਉਣ, ਪਰੇਸ਼ਾਨ ਅਤੇ ਭੜਕਾਉਣ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਪਾਰਟੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨਾਲ ਇੱਜ਼ਤ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਿਸਾਨਾਂ ਨੂੰ ਗਾਲ੍ਹਾਂ ਅਤੇ ਧਮਕੀਆਂ ਨਹੀਂ ਕੱਢਣੀਆਂ ਚਾਹੀਦੀਆਂ। ਵਰਨਣਯੋਗ ਹੈ ਕਿ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ ਕਿ ਤੁਸੀਂ ਮੇਰਾ ਨੰਬਰ ਨੋਟ ਕਰ ਲਓ, 2 ਜੂਨ ਤੋਂ ਬਾਅਦ ਮੈਂ ਦੇਖਾਂਗਾ। ਹਾਲਾਂਕਿ ਇਸ ਬਿਆਨ ਤੋਂ ਬਾਅਦ ਹੰਸ ਰਾਜ ਹੰਸ ਨੇ ਇਹ ਗੱਲ ਕਿਸਾਨਾਂ ਬਾਰੇ ਨਾ ਕਹਿਣ ਦਾ ਸਪਸ਼ਟੀਕਰਣ ਦਿੱਤਾ ਸੀ। ‘ਆਪ’ ਨੇ ਹੰਸ ਰਾਜ ਹੰਸ ਖਿ਼ਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਜਿਹੜੇ ਕਿਸਾਨਾਂ ਨੂੰ ਧਮਕੀ ਦਿੱਤੀ ਗਈ ਹੈ, ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਗਈ ਹੈ। ਵਰਨਣਯੋਗ ਹੈ ਕਿ ਪਿੰਡਾਂ ਵਿਚ ਕਿਸਾਨਾਂ ਦੁਆਰਾ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ। ਜਿਸ ਤਹਿਤ ਕਈ ਵਾਰ ਕਿਸਾਨ ਅਤੇ ਹੰਸ ਰਾਜ ਹੰਸ ਆਹਮੋ ਸਾਹਮਣੇ ਹੋ ਚੁੱਕੇ ਹਨ। ਬੀਤੇ ਦਿਨ ਪਿੰਡ ਖਾਸ ਕਰਕੇ ਗ਼ਰੀਬ ਵਰਗ ਨਾਲ ਸਬੰਧਤ ਲੋਕਾਂ ਨੇ ਹੰਸ ਰਾਜ ਹੰਸ ਦੇ ਧਿਆਨ ਵਿਚ ਮਾਮਲਾ ਲਿਆਂਦਾ ਸੀ ਕਿ ਕੁਝ ਕਿਸਾਨ ਉਨ੍ਹਾਂ ਦੇ ਘਰਾਂ ਵਿਚ ਆ ਕੇ ਧਮਕੀ ਦੇ ਗਏ ਹਨ।